ਜੰਮੂ, 20 ਜੂਨ;ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਆਉਣ ਵਾਲਾ ਨਹੀਂ ਹੈ| ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਸਰਹੱਦ ਸੁਰੱਖਿਆ ਫੋਰਸ (ਬੀ. ਐਸ. ਐਫ.) ਦੇ ਜਵਾਨਾਂ ਵਲੋਂ ਸਵੇਰੇ ਕਰੀਬ 5.10 ਵਜੇ ਪਾਕਿਸਤਾਨੀ ਜਾਸੂਸੀ ਡਰੋਨ ਨੂੰ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ| ਬੀ. ਐਸ. ਐਫ. ਦੇ ਗਸ਼ਤੀ ਦਲ ਨੇ ਕਠੂਆ ਦੇ ਪਾਨਸਰ ਵਿੱਚ ਇਸ ਪਾਕਿਸਤਾਨੀ ਡਰੋਨ ਨੂੰ ਉਡਦੇ ਹੋਏ ਦੇਖਿਆ ਅਤੇ ਉਸ ਨੂੰ ਮਾਰ ਡਿਗਾਇਆ| ਡਰੋਨ ਖੇਤਾਂ ਵਿੱਚ ਡਿੱਗ ਗਿਆ| ਜਵਾਨਾਂ ਵਲੋਂ ਪਾਕਿਸਤਾਨੀ ਡਰੋਨ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ|
ਜਿਕਰਯੋਗ ਹੈ ਇਕ ਪਾਕਿਸਤਾਨੀ ਰੇਂਜਰਸ ਅਤੇ ਪਾਕਿਸਤਾਨੀ ਫੌਜ ਅਜਿਹੇ ਡਰੋਨਾਂ ਦਾ ਇਸਤੇਮਾਲ ਕਰਦੇ ਹਨ, ਤਾਂ ਕਿ ਭਾਰਤੀ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦੀ ਜਾਣਕਾਰੀ ਹਾਸਲ ਕਰ ਸਕੇ ਅਤੇ ਅੱਤਵਾਦੀਆਂ ਨੂੰ ਭੇਜ ਸਕੇ| ਹੀਰਾਨਗਰ ਸੈਕਟਰ ਹਮੇਸ਼ਾ ਤੋਂ ਪਾਕਿਸਤਾਨ ਵਲੋਂ ਘੁਸਪੈਠ ਵਾਲਾ ਇਲਾਕਾ ਰਿਹਾ ਹੈ|
ਜ਼ਿਕਰਯੋਗ ਹੈ ਕਿ ਚੀਨ ਅਤੇ ਭਾਰਤ ਦੇ ਫੌਜੀਆਂ ਵਿਚਾਲੇ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ, ਜਿਸ ਵਿਚ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਵੀ ਸ਼ਾਮਲ ਸਨ| ਇਸ ਹਿੰਸਕ ਝੜਪ ਤੋਂ ਬਾਅਦ ਹਰ ਪਾਸੇ ਚੌਕਸੀ ਵਧਾ ਦਿੱਤੀ ਗਈ ਹੈ|