ਚੰਡੀਗੜ੍ਹ, 20 ਜੂਨ 2020 – ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਦੇ ਨਾਮ ਐਲ.ਏ.ਸੀ. ’ਤੇ ਗੁਲਵਾਨ ਘਾਟੀ ਵਿਖੇ ਚੀਨ ਦੀ ਫੌਜ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੇ ਨਾਮ ‘ਤੇ ਰੱਖਕੇ ਦੇਸ਼ ਦੀ ਰਾਖੀ ਕਰਦਿਆਂ ਕੁਰਬਾਨ ਹੋਏ ਪੰਜਾਬ ਦੇ ਅਮਰ ਸਪੂਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬਠਿੰਡਾ ਜਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਬੀਰੇਵਾਲਾ ਡੋਗਰਾ ਜਿਲ੍ਹਾ ਮਾਨਸਾ ਦਾ ਨਾਮ ਬਦਲ ਕੇ ਤੀਸਰੀ ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸ਼ਹੀਦ ਸਿਪਾਹੀ ਗੁਰਤੇਜ ਸਿੰਘ ਦੇ ਨਾਮ ‘ਤੇ ਸ਼ਹੀਦ ਗੁਰਤੇਜ ਸਿੰਘ ਸਰਕਾਰੀ ਮਿਡਲ ਸਕੂਲ ਬੀਰੇਵਾਲਾ ਡੋਗਰਾ ਰੱਖ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਜਿਲ੍ਹਾ ਪਟਿਆਲਾ ਦਾ ਨਵਾਂ ਨਾਮ ਹੁਣ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਰੱਖਿਆ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਮਿਡਲ ਸਕੂਲ ਭੋਜ ਰਾਜ- ਗੁਰਦਾਸਪੁਰ ਨੂੰ ਹੁਣ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਮਿਡਲ ਸਕੂਲ ਭੋਜ ਰਾਜ- ਗੁਰਦਾਸਪੁਰ ਰੱਖਣ ਦੀ ਪਹਿਲਕਦਮੀ ਕੀਤੀ ਗਈ ਹੈ। ਸਰਕਾਰੀ ਹਾਈ ਸਕੂਲ ਤੋਲਾਵਾਲ ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਦਾ ਨਵਾਂ ਨਾਮ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਹੋਵੇਗਾ। ਸਿੱਖਿਆ ਵਿਭਾਗ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸਮਾਜਿਕ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਇਨ੍ਹਾਂ ਸਪੁੱਤਰਾਂ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਉਨ੍ਹਾਂ ਦਾ ਨਾਮ ਹਮੇਸ਼ਾ ਲਈ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਯਾਦ ਕੀਤਾ ਜਾਂਦਾ ਰਹੇਗਾ। ਦੱਸਣਯੋਗ ਹੈ ਕਿ ਭਾਰਤੀ ਫੌਜ ਦੇ ਇਹ ਬਹਾਦਰ ਜਵਾਨ ਭਾਰਤ ਚੀਨ ਦੀ ਐਲ.ਏ.ਸੀ. (ਲਾਇਨ ਆਫ ਐਕਚੂਅਲ ਕੰਟਰੋਲ) ਨਜ਼ਦੀਕ ਗੁਲਵਾਨ ਘਾਟੀ ਵਿਖੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦੇ ਹੋਏ ਲੰਘੀ 16 ਜੂਨ ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ।