ਚੰਡੀਗੜ, 14 ਜੂਨ-ਫੋਰਟਿਸ ਹਸਪਤਾਲ ਮੁਹਾਲੀ ਦੇ ਪੀਡੀਆਟ੍ਰਿਕ ਕਾਰਡਿਅਕ ਸਾਇੰਸਿਜ਼ ਵਿਭਾਗ ਨੇ ਇੱਕ 5 ਦਿਨਾਂ ਦੇ ਨਵਜੰਮੇ ਬੱਚੇ ਨੂੰ ਮੁੜ ਨਵੀਂ ਜਿੰਦਗੀ ਦਿੱਤੀ ਹੈ ਜੋ ਇੱਕ ਗੁੰਝਲਦਾਰ ਜਮਾਂਦਰੂ ਦਿਲ ਦੇ ਨੁਕਸ ਨਾਲ ਪੈਦਾ ਹੋਇਆ ਸੀ। ਫੋਰਟਿਸ ਹਸਪਤਾਲ ਮੁਹਾਲੀ ਦੇ ਪੀਡੀਆਟ੍ਰਿਕ ਕਾਰਡੀਆਕ ਸਾਇੰਸਜ਼ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਰਜਤ ਗੁਪਤਾ ਨੇ ਦੱਸਿਆ ਕਿ ਇਸ ਬੱਚੇ ਦਾ ਵਜ਼ਨ 1.7 ਕਿਲੋਗ੍ਰਾਮ ਤੋਂ ਘੱਟ ਸੀ ਅਤੇ ਉਹ ਸਾਹ ਦੀ ਗੰਭੀਰ ਸਮੱਸਿਆ ਤੋਂ ਪੀੜਤ ਸੀ।
ਬੱਚੇ ਦੇ ਖੂਨ ਵਿੱਚ ਆਕਸੀਜਨ ਦੇ ਬਹੁਤ ਘੱਟ ਪੱਧਰ (ਸਾਈਨੋਸਿਸ) ਦੇ ਕਾਰਨ, ਬੱਚੇ ਦੇ ਬੁੱਲ੍ਹਾਂ ਦੇ ਆਲੇ ਦੁਆਲੇ ਰੰਗ ਨੀਲਾ ਹੋ ਗਿਆ ਸੀ ਅਤੇ ਉਸਦੀ ਹਾਲਤ ਵਿਗੜਦੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਪੇਟੈਂਟ ਡਕਟਸ ਆਰਟੀਰੀਓਸਸ (ਪੀਡੀਏ) ਸਟੈਂਟਿੰਗ ਕੀਤੀ। ਪੀਡੀਏ ਸਟੇਂਟਿੰਗ ਦਿਲ ਦੇ ਗੁੰਝਲਦਾਰ ਨੁਕਸਾਂ ਨਾਲ ਪੈਦਾ ਹੋਏ ਬੱਚਿਆਂ ਲਈ ਮਿਨੀਮਲ ਇਨਵੇਸਿਵ ਪ੍ਰਕਿਰਿਆ ਹੈ।
ਉਹਨਾਂ ਦੱਸਿਆ ਕਿ ਜਨਮ ਤੋਂ ਬਾਅਦ, ਬੱਚੇ ਦੇ ਮਾਪੇ ਉਸ ਨੂੰ ਫੋਰਟਿਸ ਹਸਪਤਾਲ ਲੈ ਕੇ ਆਏ ਸਨ। ਬੱਚੇ ਦੀ ਡਾਕਟਰੀ ਜਾਂਚ ਅਤੇ ਈਕੋ ਕਾਰਡੀਓਗ੍ਰਾਫੀ ਟੈਸਟ ਤੋਂ ਪਤਾ ਚੱਲਿਆ ਕਿ ਬੱਚੇ ਨੂੰ ਦਿਲ ਦੀ ਇੱਕ ਗੁੰਝਲਦਾਰ ਬਿਮਾਰੀ ਸੀ, ਜਿਸ ਵਿੱਚ ਉਸਦੇ ਦਿਲ ਦਾ ਸੱਜਾ ਪਾਸਾ ਚੰਗੀ ਤਰ੍ਹਾਂ ਨਾਲ ਨਹੀਂ ਬਣਿਆ ਸੀ ਅਤੇ ਫੇਫੜਿਆਂ ਦੀ ਧਮਣੀ ਪੂਰੀ ਤਰ੍ਹਾਂ ਬਲੌਕ ਹੋ ਗਈ ਸੀ, ਇਸ ਕਾਰਨ ਉਸ ਦੇ ਫੇਫੜਿਆਂ ਵਿੱਚ ਲਗਾਤਾਰ ਖੂਨ ਵਹਿ ਰਿਹਾ ਸੀ।
ਉਹਨਾਂ ਦੱਸਿਆ ਕਿ ਬੱਚੇ ਦੇ ਪੱਟ ਵਿੱਚ ਇੱਕ ਛੋਟੀ ਮੋਰੀ ਰਾਹੀਂ ਸਟੈਂਟ ਨੂੰ ਬੱਚੇ ਦੀ ਸਿਗੁੰੜਦੀ ਧਮਣੀ ਵਿੱਚ ਲਗਾਇਆ ਗਿਆ ਸੀ। ਬੱਚੇ ਦੀ ਹਾਲਤ ਅਗਲੇ ਦੋ ਦਿਨਾਂ ਵਿੱਚ ਸਥਿਰ ਹੋ ਗਈ ਅਤੇ ਪ੍ਰਕਿਰਿਆ ਦੇ ਛੇ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਡਿਸਚਾਰਜ ਤੋਂ ਬਾਅਦ, ਬੱਚੇ ਨੇ ਆਮ ਤੌਰ ਤੇ ਮਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਹੈ। ਡਾ. ਗੁਪਤਾ ਨੇ ਕਿਹਾ, ਬੱਚੇ ਨੂੰ ਬਲੂ ਅਤੇ ਰੈਡ ਬਲੱਡ ਸਰਕੂਲੇਸ਼ਨ ਨੂੰ ਵੱਖ ਕਰਨ ਲਈ ਦੋ ਹੋਰ ਸਰਜਰੀਆਂ ਦੀ ਲੋੜ ਪਵੇਗੀ, ਜੋ ਇਸ ਸਮੇਂ ਉਸਦੇ ਦਿਲ ਵਿੱਚ ਘੁੱਲ ਰਹੀਆਂ ਹਨ। ਉਹਨਾਂ ਕਿਹਾ ਕਿ ਜਮਾਂਦਰੂ ਦਿਲ ਦੇ ਨੁਕਸਾਂ ਦਾ ਛੇਤੀ ਪਤਾ ਲਗਾਉਣਾ ਬੱਚੇ ਦੇ ਬਚਾਅ ਲਈ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ, ਦਿਲ ਇੰਨਾ ਵਿਗੜ ਜਾਂਦਾ ਹੈ ਕਿ ਕਈ ਸਰਜਰੀਆਂ ਨਾਲ ਵੀ ਇਸਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ ਹੈ।