ਐਸ.ਏ.ਐਸ ਨਗਰ, 14 ਜੂਨ- ਯੂਥ ਫਾਰ ਗਲੋਬਲ ਪੀਸ ਐਂਡ ਟਰਾਂਸਫਾਰਮੇਸ਼ਨ ਵਲੋਂ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਾਰਟੇਕ ਟਾਵਰਜ਼, ਸਨਅਤੀ ਖੇਤਰ ਫੇਜ਼ 8ਬੀ ਮੁਹਾਲੀ ਵਿਖੇ ਵਿਸ਼ਵ ਦਾਨੀ ਦਿਵਸ ਮਨਾਉਂਦੇ ਹੋਏ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 75 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਨੇ ਸਾਰੇ ਖੂਨਦਾਨੀਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਤੋਂ ਵੱਡਾ ਤਾਂ ਹੋਰ ਕੋਈ ਦਾਨ ਨਹੀਂ ਹੋ ਸਕਦਾ ਕਿਉਂਕਿ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਖੂਨਦਾਨ ਚਾਰ ਵਿਅਕਤੀਆਂ ਦੀ ਜ਼ਿੰਦਗੀ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਇਕ ਤੰਦਰੁਸਤ ਮਨੁੱਖ ਜ਼ਿੰਦਗੀ ਵਿਚ 168 ਵਾਰ ਖੂਨ ਦਾਨ ਕਰ ਸਕਦਾ ਹੈ ਅਤੇ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿੰਨੀਆਂ ਕੀਮਤੀ ਜਾਨਾਂ ਬਚਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੂਨ ਦਾ ਕੋਈ ਬਦਲ ਨਹੀਂ ਅਤੇ ਇਹ ਬਨਾਵਟੀ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿੰਨੇ ਵੱਧ ਖੂਨ ਦਾਨੀ ਆਉਣਗੇ ਉਨੀ ਸਮਾਜ ਦੀ ਸੁਰੱਖਿਆ ਹੋ ਸਕੇਗੀ ਅਤੇ ਲੋੜਵੰਦਾਂ ਦੀਆਂ ਕੀਮਤੀ ਜਾਨਾਂ ਬਚ ਸਕਣਗੀਆਂ। ਉਹਨਾਂ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਲਈ ਕਈ ਉੱਦਮ ਕੀਤੇ ਜਾਂਦੇ ਹਨ ਜਿਸ ਲਈ ਇਸ ਸੰਸਥਾ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ।
ਇਸ ਕੈਂਪ ਵਿੱਚ ਐਸ ਪੀ ਸਿੰਘ ਸਮਾਜਸੇਵੀ, ਸਹਿਲੀਨ ਕੌਰ, ਹਰਕੀਰਤ ਕੌਰ ਨੇ ਅਹਿਮ ਯੋਗਦਾਨ ਪਾਇਆ।