ਚੰਡੀਗੜ੍ਹ, 13 ਜੂਨ 2023 – ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਾਸਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ.), ਹੁਸ਼ਿਆਰਪੁਰ ਵਿਖੇ ਦੋ ਰੋਜ਼ਾ ਅਪ੍ਰੈਂਟਿਸਸ਼ਿਪ ਪਲੇਸਮੈਂਟ ਮੁਹਿੰਮ ਦਾ ਆਯੋਜਨ ਕੀਤਾ ਗਿਆ।
ਮਾਰੂਤੀ ਸੁਜ਼ੂਕੀ ਇੰਡੀਆ ਨੇ ਅਪ੍ਰੈਂਟਿਸਸ਼ਿਪ ਲਈ 44 ਆਈ.ਟੀ.ਆਈ. ਪਾਸ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ 44 ਉਮੀਦਵਾਰਾਂ ਨੂੰ ਫਿਟਰ, ਵੈਲਡਰ, ਪੇਂਟਰ (ਜਨਰਲ), ਇਲੈਕਟ੍ਰੀਸ਼ੀਅਨ, ਟਰਨਰ, ਡੀਜ਼ਲ ਮਕੈਨਿਕ, ਸੀ.ਓ.ਪੀ.ਏ., ਮਸ਼ੀਨਿਸਟ, ਮਸ਼ੀਨਿਸਟ (ਗ੍ਰਾਈਂਡਰ), ਟੂਲ ਐਂਡ ਡਾਈ, ਮੋਟਰ ਮਕੈਨਿਕ ਵਹੀਕਲ, ਟਰੈਕਟਰ ਮਕੈਨਿਕ ਆਦਿ ਟਰੇਡਾਂ ਵਿੱਚ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਲਈ ਚੁਣਿਆ ਗਿਆ ਹੈ। ਚੁਣੇ ਗਏ ਉਮੀਦਵਾਰਾਂ ਨੂੰ 12,835/- ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸਦੇ ਨਾਲ ਹੀ ਕੰਪਨੀ ਵੱਲੋਂ ਇਨ੍ਹਾਂ ਨੂੰ 4,160/- ਰੁਪਏ ਤੱਕ ਦਾ ਅਟੈਂਡੈਂਸ ਰਿਵਾਰਡ ਵੀ ਦਿੱਤਾ ਜਾਵੇਗਾ।
ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਪੂਰੀ ਹੋਣ ਤੋਂ ਬਾਅਦ ਇਨ੍ਹਾਂ 44 ਉਮੀਦਵਾਰਾਂ ਲਈ ਇਸ ਬਹੁ-ਕੌਮੀ ਮਾਰੂਤੀ ਸੁਜ਼ੂਕੀ ਕੰਪਨੀ ਵਿੱਚ ਰੈਗੂਲਰ ਨੌਕਰੀ ਵਾਸਤੇ ਅਪਲਾਈ ਕਰਨ ਦਾ ਰਾਹ ਪੱਧਰਾ ਹੋਵੇਗਾ।