ਫਗਵਾੜਾ, 20 ਜੂਨ, 2020 : ਫਗਵਾੜਾ ਦੇ ਐਸ ਡੀ ਐਮ ਵੱਲੋਂ ਨਜਾਇਜ਼ ਮਾਇਨਿੰਗ ਰੋਕਣ ਲਈ ਰਾਤ 9.00 ਵਜੇ ਤੋਂ ਦੇਰ ਰਾਤ 1.00 ਵਜੇ ਤੱਕ ਅਧਿਆਪਕਾਂ ਦੀ ਪੁਲਿਸ ਨਾਲ ਡਿਊਟੀ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਇਸ ‘ਤੇ ਵਿਵਾਦ ਖੜ•ਾ ਹੋ ਗਿਆ। ਇਸ ਉਪਰੰਤ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਇਹ ਹੁਕਮ ਵਾਪਸ ਲੈਣ ਦੀ ਹਦਾਇਤ ਐਸ ਡੀ ਐਮ ਨੂੰ ਕੀਤੀ ਗਈ ਹੈ।
ਐਸ ਡੀ ਐਮ ਵੱਲੋਂ ਜੋ ਜਾਰੀ ਕੀਤੇ ਗਏ ਉਸ ਵਿਚ ਲਿਖਿਆ ਗਿਆ ਕਿ ਸਬ ਡਵੀਜ਼ਨ ਫਗਵਾੜਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਇਨਿੰਗ ਰੋਕਣ ਲਈ ਫਗਵਾੜਾ ਸਬ ਡਵੀਜ਼ਨ ਦੇ ਵੱਖ ਵੱਖ ਐਂਟਰੀ ਪੁਆਇੰਟਸ ‘ਤੇ ਬਾਹਰ ਤੋਂ ਆਉਣ ਵਾਲੇ ਰੇਤਾ ਬਜ਼ਰੀ ਟਰੱਕ/ਟਰਾਲਿਆ ਦੀ ਚੈਕਿੰਗ ਲਈ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ। ਇਹਨਾਂ ਟੀਮਾਂ ਦੀ ਡਿਊਟੀ ਚੈਕ ਪੋਸਟਾਂ ‘ਤੇ ਅਗਲੇ ਹੁਕਮਾਂ ਤੱਕ ਲਗਾਈ ਜਾਂਦੀ ਹੈ। ਇਹਨਾਂ ਟੀਮਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਤਾਇਨਾਤ ਹੋਣਗੇ। ਦਿਲਚਸਪੀ ਵਾਲੀ ਗੱਲ ਹੈ ਕਿ ਇਹਨਾਂ ਟੀਮਾਂ ਵਿਚ ਤਾਇਨਾਤ ਮੁਲਾਜ਼ਮਾਂ ਵਿਚ ਅਧਿਆਪਕ ਸ਼ਾਮਲ ਕੀਤੇ ਗਏ।
ਇਸ ਫੈਸਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਵਿਚ ਕਿਹਾ ਕਿ ਡਿਸਟੀਲਰੀਆਂ ਤੋਂ ਬਾਅਦ ਸਰਕਾਰ ਨੇ ਹੁਣ ਅਧਿਆਪਕਾਂ ਦੀ ਡਿਊਟੀ ਪੁਲਿਸ ਨਾਕਿਆਂ ‘ਤੇ ਰਾਤ 9.00 ਵਜੇ ਤੋਂ ਸਵੇਰ 1.00 ਵਜੇ ਤੱਕ ਲਗਾ ਦਿੱਤੀ ਹੈ ਤਾਂ ਕਿ ਨਜਾਇਜ਼ ਮਾਇਨਿੰਗ ਰੋਕੀ ਜਾ ਸਕੇ। ਉਹਨਾਂ ਕਿਹਾ ਕਿ ਸਮਝ ਤੋਂ ਬਾਹਰ ਹੈ ਕਿ ਵਾਰ ਵਾਰ ਸਰਕਾਰ ਅਧਿਆਪਕਾਂ ਨੂੰ ਸ਼ਰਾਬ ਤੇ ਰੇਤ ਮਾਫੀਆ ਮੂਹਰੇ ਕਿਉਂ ਸੁੱਟ ਰਹੀ ਹੈ। ਇਹ ਸ਼ਰਮਨਾਕ ਹੁਕਮ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਉਧਰ ਡੈਮੋਕਰੈਟਿਕ ਟੀਚਰ ਫਰੰਟ ਨੇ ਅਧਿਆਪਕਾਂ ਦੀ ਡਿਊਟੀ ਲਗਾਉਣ ਦੇ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ, ਸਿਵਲ/ਪੁਲਿਸ ਪ੍ਰਸ਼ਾਸਨ ਵੱਲੋਂ ਨਜਾਇਜ਼ ਮਾਇਨਿੰਗ ‘ਤੇ ਸ਼ਖਤੀ ਨਾਲ ਠੱਲ ਪਾਉਣ ਦੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਾਲੇ ਸੰਵੇਦਨਸ਼ੀਲ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਨਾਕਿਆਂ ‘ਤੇ ਡਿਊਟੀ ਲਈ ਲਗਾਉਣਾ ਗੈਰ ਵਾਜਬ ਹੈ ਅਤੇ ਅਧਿਆਪਕ ਵਰਗ ਦੇ ਰੁਤਬੇ ਦੀ ਤੌਹੀਨ ਹੈ।
ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਨੇ ਇਹਨਾਂ ਗੈਰ ਵਾਜਬ ਡਿਊਟੀਆਂ ‘ਤੇ ਫੌਰੀ ਰੋਕ ਲਗਾਉਣ ਅਤੇ ਜ਼ਿੰਮੇਵਾਰੀ ਅਧਿਕਾਰੀਆਂ ‘ਤੇ ਸ਼ਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਦੌਰਾਨ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉਪੱਲ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਐਸ ਡੀ ਐਮ ਨੂੰ ਇਹ ਹੁਕਮ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਹੈ।