ਹੈਦਰਾਬਾਦ, 20 ਜੂਨ ਲੱਦਾਖ ਵਿੱਚ ਗਲਵਾਨ ਘਾਟੀ ਤੇ ਹੋਈ ਹਿੰਸਕ ਝੜਪ ਨੂੰ ਲੈ ਕੇ ਚੀਨ ਨਾਲ ਤਣਾਅ ਦਰਮਿਆਨ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ. ਕੇ. ਐਸ. ਭਦੌਰੀਆ ਨੇ ਅੱਜ ਕਿਹਾ ਕਿ ਹਵਾਈ ਫੌਜ ਕਿਸੇ ਵੀ ਤਰ੍ਹਾਂ ਦੀ ਹਮਲਾਵਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਪਯੁਕਤ ਥਾਂ ਤੇ ਤਾਇਨਾਤ ਹੈ|
ਹੈਦਰਾਬਾਦ ਵਿੱਚ ਹਵਾਈ ਫ਼ੌਜ ਅਕੈਡਮੀ ਵਿਚ ਕਮਬਾਇੰਡ ਗ੍ਰੈਜੂਏਸ਼ਨ ਪਰੇਡ ਵਿੱਚ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਵਾਈ ਫੌਜ ਟੀਚਾ ਪੂਰਾ ਕਰਨ ਲਈ ਸੰਕਲਪਬੱਧ ਹਨ ਅਤੇ ਉਹ ਲੱਦਾਖ ਦੀ ਗਲਵਾਨ ਘਾਟੀ ਵਿੱਚ ਸਾਡੇ ਫੌਜੀ ਜਵਾਨਾਂ ਦੇ ਬਲੀਦਾਨ ਨੂੰ ਕਦੇ ਬੇਕਾਰ ਨਹੀਂ ਜਾਣ ਦੇਣਗੇ| ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ| ਉਨ੍ਹਾਂ ਨੇ ਕਿਹਾ ਕਿ ਸਾਡੇ ਖੇਤਰ ਵਿੱਚ ਸੁਰੱਖਿਆ ਦਸਤਿਆਂ ਨੂੰ ਹਰ ਸਮੇਂ ਤਿਆਰ ਅਤੇ ਸੁਚੇਤ ਰਹਿਣ ਨੂੰ ਕਿਹਾ ਜਾਂਦਾ ਹੈ| ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ. ਏ. ਸੀ.) ਤੇ ਛੋਟੀ ਜਿਹੀ ਸੂਚਨਾ ਤੇ ਅਸੀਂ ਹਾਲਾਤ ਨੂੰ ਸੰਭਾਲਣ ਲਈ ਤਿਆਰ ਹਾਂ|
ਹਾਲਾਂਕਿ ਹਵਾਈ ਫੌਜੀ ਮੁਖੀ ਨੇ ਕਿਹਾ ਕਿ ਸਾਡਾ ਚੀਨ ਨਾਲ ਯੁੱਧ ਨਹੀਂ ਚੱਲ ਰਿਹਾ ਹੈ ਪਰ ਅਸੀਂ ਤਿਆਰ ਹਾਂ| ਗੱਲਬਾਤ ਚੱਲ ਰਹੀ ਹੈ ਅਤੇ ਅਸੀਂ ਤਿਆਰ ਹਾਂ| ਚੀਨ ਨੇ ਸਰਹੱਦ ਤੇ ਤਾਇਨਾਤੀ ਵਧਾ ਦਿੱਤੀ ਹੈ ਅਤੇ ਸਾਡੇ ਤੇ ਉਨ੍ਹਾਂ ਦੀ ਨਜ਼ਰ ਬਣੀ ਹੋਈ ਹੈ| ਫੌਜ ਮਾਮਲੇ ਨੂੰ ਬਾਖੂਬੀ ਸੰਭਾਲ ਰਹੀ ਹੈ| ਅਸੀਂ ਤਾਇਨਾਤੀ ਨੂੰ ਦੇਖਦੇ ਹੋਏ ਕਾਰਵਾਈ ਕਰ ਰਹੇ ਹਾਂ| ਲੇਹ ਵਿਚ ਹਵਾਈ ਫੌਜ ਤਾਇਨਾਤ ਹੈ|