ਚੰਡੀਗੜ੍ਹ, 31 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਦੇਸ਼ਭਗਤ ਸਿੱਖ ਕੌਮ ਲਈ ਕਸ਼ਮੀਰ ਵਾਦੀ ਅਤੇ ਜੰਮੂ ਸੂਬੇ ਵਿਚ ਉਸੇ ਤਰੀਕੇ ਦੋ ਸੀਟਾਂ ਰਾਖਵੀਂਆਂ ਰੱਖੀਆਂ ਜਾਣ ਜਿਵੇਂ ਕਸ਼ਮੀਰੀ ਪੰਡਤਾਂ ਵਾਸਤੇ ਰੱਖੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਪਹਿਲੇ ਜੰਮੂ-ਕਸ਼ਮੀਰ ਸੂਬੇ ਵਿਚ ਵਾਦੀ ਵਿਚ ਸਿੱਖਾਂ ਨਾਲ ਉਹੀ ਵਤੀਰਾ ਹੋਇਆ ਜੋ ਨਾਲ ਦੀਆਂ ਘੱਟ ਗਿਣਤੀ ਕੌਮਾਂ ਨਾਲ ਹੋਇਆ। ਅਜਿਹੇ ਵਿਚ ਉਹਨਾਂ ਨੂੰ ਵੀ ਹੋਰਨਾਂ ਦੇ ਬਰਾਬਰ ਹੱਕ ਮਿਲਣਾ ਚਾਹੀਦਾ ਹੈ ਤੇ ਬਰਾਬਰ ਗਿਣਿਆ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਆਖਿਆ ਕਿ ਮਕਬੂਜ਼ਾ ਕਸ਼ਮੀਰ ਵਾਸਤੇ ਰੱਖੀਆਂ 8 ਸੀਟਾਂ ਬਹਾਲ ਕੀਤੀਆਂ ਜਾਣ ਅਤੇ ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਤੇ ਹੁਣ ਜੰਮੂ-ਕਸ਼ਮੀਰ ਵਿਚ ਰਹਿ ਰਹੇ ਲੋਕਾਂ ਵਾਸਤੇ ਰਾਖਵੀਂਆਂ ਕੀਤੀਆਂ ਜਾਣ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਲਿਖੇ ਪੱਤਰਾਂ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਕੌਮ ਖਾਸ ਤੌਰ ’ਤੇ ਜੰਮੂ-ਕਸ਼ਮੀਰ ਤੋ਼ ਸਿੱਖਾਂ ਨੇ ਹੋਰ ਮੁੱਦਿਆਂ ਦੇ ਨਾਲ-ਨਾਲ ਇਹ ਮੰਗਾਂ ਜੰਮੂ-ਕਸ਼ਮੀਰ ਸੂਬੇ ਦੇ ਸਿੱਖ ਆਗੂਆਂ ਰਾਹੀਂ ਵਾਰ ਵਾਰ ਚੁੱਕੀਆਂ ਹਨ। ਉਹਨਾਂ ਕਿਹਾ ਕਿ 1947 ਤੋਂ ਘੱਟ ਗਿਣਤੀ ਸਿੱਖ ਕੌਮ ਦੇ ਮੈਂਬਰ ਜੰਮੂ-ਕਸ਼ਮੀਰ ਵਿਚ ਰਹਿ ਰਹੇ ਹਨ ਤੇ ਉਹਨਾਂ ਨੇ ਵੀ ਉਹੀ ਮੁਸ਼ਕਿਲਾਂ ਤੇ ਤਸ਼ੱਦਦ ਝੱਲਿਆ ਹੈ ਜੋ ਕਸ਼ਮੀਰੀ ਪੰਡਤਾਂ ਨੇ ਝੱਲਿਆ। ਸਿੱਖ ਕੌਮ ਸਿਰਫ ਇਹ ਚਾਹੁੰਦੀ ਹੈ ਕਿ ਉਹਨਾਂ ਨੂੰ ਵੀ ਕਸ਼ਮੀਰੀ ਪੰਡਤਾਂ ਦੇ ਬਰਾਬਰ ਗਿਣਿਆ ਜਾਵੇ।