ਮਾਲੇਰਕੋਟਲਾ, 19, ਜਨਵਰੀ, 2022 – ਮਲੇਰਕੋਟਲਾ ਸ਼ਹਿਰ ਨੂੰ ਸਿੱਖਿਆ ਦੇ ਖੇਤਰ ‘ਚ ਇੱਕ ਨਾਮਵਰ ਸ਼ਹਿਰ ਬਣਾਉਣ ਲਈ ਪੰਜਾਬ ਵਕਫ਼ ਬੋਰਡ ਵੱਲੋਂ ਸ਼ਹਿਰ ਦੀ ਉਰਦੂ ਅਕੈਡਮੀ, ਜਾਮਾਂ ਮਸਜਿਦ ਅਤੇ ਮਸਜਿਦ ਬਗਲੇ ਵਾਲੀ ਵਿਖੇ ਪਿਛਲੇ ਸਮੇਂ ਦੌਰਾਨ ਖੋਲ੍ਹੀਆਂ ਗਈਆਂ ਤਿੰਨ ਲਾਇਬ੍ਰੇਰੀਆਂ ਦਾ ਅੱਜ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਬੀਬੀ ਜੈਨਬ ਅੱਖਤਰ ਨੇ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਸੁਪਨਾ ਮਾਲੇਰਕੋਟਲਾ ਨੂੰ ਤਾਲੀਮ ਦੇ ਖੇਤਰ ‘ਚ ਦੇਸ਼ ਦਾ ਨੰਬਰ ਇੱਕ ਸ਼ਹਿਰ ਬਣਾਉਣਾ ਹੈ।ਪੰਜਾਬ ਵਕਫ ਬੋਰਡ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਦੀ ਹਾਲਤ ਨੂੰ ਸੁਧਾਰਨ ਲਈ ਬੋਰਡ ਵੱਲੋਂ ਉਲੀਕੇ ਗਏ ਨਵੇਂ ਪ੍ਰੋਗਰਾਮ ਬਾਰੇ ਵਿਸਥਾਰ ‘ਚ ਚਰਚਾ ਕਰਦਿਆਂ ਭਾਰਤ ਦੀ ਨਾਮਵਰ ਕੇਂਦਰੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਚ ਵਿੱਦਿਆ ਪ੍ਰਾਪਤ ਚੇਅਰਪਰਸਨ ਬੀਬੀ ਜੈਨਬ ਅੱਖਤਰ ਨੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਪਛੜੇ ਬਹੁ ਗਿਣਤੀ ਮੁਸਲਿਮ ਅਬਾਦੀ ਵਾਲੇ ਇਸ ਮਾਲੇਰਕੋਟਲਾ ਸ਼ਹਿਰ ਅੰਦਰ ਪੰਜਾਬ ਵਕਫ ਬੋਰਡ ਨੇ ਵਿੱਦਿਅਕ ਕ੍ਰਾਂਤੀ ਲਿਆਉਣ ਲਈ ਇੱਕ ਨਵੀਂ ਯੋਜਨਾਂ ਉਲੀਕੀ ਹੈ।ਜਿਸ ਦੇ ਤਹਿਤ ਵਕਫ ਬੋਰਡ ਦੀ ਮਾਲਕੀ ਵਾਲੇ ਸਮੁੱਚੇ ਸਕੂਲਾਂ ਅੰਦਰ ਮਾਡਲ ਸਕੂਲਾਂ ਵਾਲੀ ਹਰੇਕ ਵਿੱਦਿਅਕ ਸਹੂਲਤ ਮੁਹੱਈਆ ਕਰਵਾਏ ਜਾਣ ਦੇ ਨਾਲ-ਨਾਲ ਜਿਥੇ ਉੱਚ ਵਿੱਦਿਆ ਪ੍ਰਾਪਤ ਤਜ਼ਰਬੇਕਾਰ ਸਟਾਫ ਭਰਤੀ ਕੀਤਾ ਜਾਵੇਗਾ ਉਥੇ ਸਕੂਲੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਪਿਊਟਰੀ ਯੁੱਗ ਨਾਲ ਜੋੜ ਕੇ ਸਮੇਂ ਦਾ ਹਾਣੀ ਬਣਾਇਆ ਜਾਵੇਗਾ।ਮੈਂ ਅਤੇ ਮੇਰੀ ਸਮੁੱਚੀ ਟੀਮ ਇਸ ਪਾਸੇ ਪ੍ਰਮੁੱਖਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਮਾਲੇਰਕੋਟਲਾ ਦੇ ਬੱਚੇ ਵੀ ਆਈ.ਏ.ਐਸ. ਤੇ ਆਈ.ਪੀ.ਐਸ. ਅਫਸਰ ਵੱਜੋਂ ਦੇਸ਼ ਦੀ ਸੇਵਾ ਕਰਦੇ ਦਿਖਾਈ ਦੇਣਗੇ।ਸਥਾਨਕ ਹਜ਼ਰਤ ਹਲੀਮਾਂ ਹਸਪਤਾਲ ਨੂੰ ਮਾਲੇਰਕੋਟਲਾ ਵਾਸੀਆਂ ਲਈ ਬਹੁਤ ਹੀ ਬਰਦਾਨ ਦੱਸਦਿਆਂ ਕਿਹਾ ਕਿ ਪੰਜਾਬ ਵਕਫ ਬੋਰਡ ਵੱਲੋਂ ਹੁਣ ਆਪਣੇ ਇਸ ਹਸਪਤਾਲ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣ ਲਈ ਵੀ ਕਈ ਯੋਜਨਾਵਾਂ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ।ਜਿਸ ਦੇ ਤਹਿਤ ਹੀ ਇਸ ਹਸਪਤਾਲ ਨੂੰ ਈ.ਐਸ.ਆਈ.ਸੀ ਨਾਲ ਜੋੜਿਆ ਜਾ ਰਿਹਾ ਹੈ, ਕਿਉਂ ਕਿ ਮਾਲੇਰਕੋਟਲਾ ਉਦਯੋਗਿਕ ਸ਼ਾਹਿਰ ਹੈ।
ਇਥੋਂ ਦੇ ਬਹੁ ਗਿਣਤੀ ਲੋਕ ਇਲਾਜ਼ ਲਈ ਲੁਧਿਆਣਾ ਦੇ ਵੱਡੇ-ਵੱਡੇ ਮਹਿੰਗੇ ਹਸਪਤਾਲਾਂ ‘ਚ ਜਾਂਦੇ ਹਨ।ਈ.ਐਸ.ਆਈ.ਸੀ. ਸਕੀਮ ਦੀ ਸਹੂਲਤ ਸਥਾਨਕ ਹਜ਼ਰਤ ਹਲੀਮਾ ਹਸਪਤਾਲ ‘ਚ ਆਉਣ ਨਾਲ ਜਿਥੇ ਇਸ ਦਾ ਆਮ ਲੋਕਾਂ ਨੂੰ ਵੱਡਾ ਫਇਦਾ ਹੋਵੇਗਾ ਉਥੇ ਵਕਫ ਬੋਰਡ ਵੱਲੋਂ ਇਸ ਹਸਪਤਾਲ ਦੀ ਤਰੱਕੀ ਲਈ ਉਲੀਕੀਆਂ ਗਈਆਂ ਯੋਜਨਾਵਾਂ ਦੇ ਸਿਰੇ ਚੜ੍ਹਣ ਉਪਰੰਤ ਲੋਕਾਂ ਨੂੰ ਇਥੇ ਹੀ ਵੱਡੇ ਹਸਪਤਾਲਾਂ ਵਾਲੀਆਂ ਸਾਰੀਆਂ ਸਿਹਤ ਸਹੂਲਤਾਂ ਮੁਹੱਈਆਂ ਹੋਣਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਵਕਫ ਬੋਰਡ ਦੇ ਮੈਂਬਰ ਤੇ ਹਜ਼ਰਤ ਹਲੀਮਾਂ ਹਸਪਤਾਲ ਦੇ ਇੰਚਾਰਜ਼ ਐਡਵੋਕੇਟ ਇਜ਼ਾਜ ਆਲਮ ਅਤੇ ਐਡਵੋਕੇਟ ਬੀਬੀ ਸ਼ਬਾਨਾਂ ਵੀ ਹਾਜ਼ਰ ਸਨ।