ਬਠਿੰਡਾ, 14 ਦਸੰਬਰ 2023: ਬਠਿੰਡਾ ਜਿਲ੍ਹੇ ਦੇ ਪਿੰਡ ਦਿਉਣ ਦੇ ਜੰਮਪਲ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਜਗਰੂਪ ਸਿੰਘ ਬਰਾੜ ਨੂੰ ਪਿੰਡ ਵਾਸੀਆਂ ਅਤੇ ਕਲੱਬ ਦੇ ਆਗੂਆਂ ਨੇ ਸਿਆਸੀ ਵਲਗਣਾਂ ਤੋਂ ਉੱਪਰ ਉੱਠਕੇ ਸਨਾਮਿਨਤ ਕੀਤਾ ਹੈ। ਜਗਰੂਪ ਬਰਾੜ ਪੰਜ ਵਾਰ ਲਗਾਤਾਰ ਵਿਧਾਇਕ ਬਣਨ ਉਪਰੰਤ ਇਸ ਵਾਰ ਛੇਵੀ ਜਿੱਤ ਦਰਜ ਕਰਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ’ਚ ਵਜ਼ੀਰ ਬਣੇ ਹਨ। ਸੱਤ ਸਮੁੰਦਰੋਂ ਪਾਰ ਗੋਰਿਆਂ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਜਗਰੂਪ ਸਿੰਘ ਬਰਾੜ ਨੇ ਭਾਰਤ ਖਾਸ ਤੌਰ ਤੇ ਪੰਜਾਬ ਦਾ ਨਾਮ ਚਮਾਉਣ ਵਾਲਾ ਜੋ ਮਾਅਰਕਾ ਮਾਰਿਆ ਹੈ ਉਹ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਵਜ਼ੀਰ ਬਣਨ ਤੋਂ ਬਾਅਦ ਜਗਰੂਪ ਬਰਾੜ ਪਹਿਲੀ ਵਾਰ ਪਿੰਡ ਆਏ ਹਨ ਜਿੱਥੇ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੱਥੀ ਛਾਵਾਂ ਕਰਨ ’ਚ ਕੋਈ ਕਸਰ ਬਾਕੀ ਨਹੀਂ ਰੱਖੀ ਹੈ।
ਬਠਿੰਡਾ ਵਿਖੇ ਦਿਉਣ ਕਲੱਬ ਦੇ ਸਕੱਤਰ ਸੁਰਿੰਦਰ ਪਾਲ ਅਹੂਜਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਪ੍ਰਧਾਨ ਪ੍ਰੋਫੈਸਰ ਜੇ ਐਸ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕਰਕੇ ਪੂਰੇ ਪਿੰਡ ਨੇ ਖੁਦ ਨੂੰ ਸਨਮਾਨਿਤ ਮਹਿਸੂਸ ਕੀਤਾ ਹੈ। ਸਨਮਾਨ ਵਜੋਂ ਦਿਉਣ ਕਲੱਬ ਦੇ ਮੈਂਬਰਾਂ ਨੇ ਜਗਰੂਪ ਸਿੰਘ ਬਰਾੜ ਨੂੰ ਮੈਮੈਂਟੋ , ਪ੍ਰਸ਼ੰਸਾ ਪੱਤਰ ਅਤੇ ਲੋਈ ਭੇਂਟ ਕੀਤੀ। ਇਸ ਮੌਕੇ ਪਿੰਡ ਵਾਸੀ ਤੇ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ ਨੇ ਕਿਹਾ ‘ਸ਼ੁਕਰੀਆ ਬਰਾੜ ਸਾਹਿਬ ਅਸੀਂ ਕਿੰਨ੍ਹਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰੀਏ ਤੁਸੀਂ ਪਿੰਡ ਦਿਉਣ ਦਾ ਨਾਮ ਕੌਮਾਂਤਰੀ ਪੱਧਰ ’ਤੇ ਉੱਚਾ ਕਰ ਦਿੱਤਾ ਹੈ। ਗੀਤਕਾਰ ਅਲਬੇਲ ਬਰਾੜ ਨੇ ਕਿਹਾ ਸਾਨੂੰ ਮਣਾਂ ਮੂੰਹੀਂ ਮਾਣ ਹੈ ਕਿ ਸਾਡੇ ਪੇਕੇ ਪਿੰਡ ਦਿਉਣ ਦੇ ਜੰਮਪਲ ਜਗਰੂਪ ਸਿੰਘ ਬਰਾੜ ਨੇ ਖੇਡਾਂ ਅਤੇ ਰਾਜਨੀਤੀ ਦੋਵਾਂ ਖੇਤਰਾਂ ਵਿੱਚ ਪਿੰਡ ਦਾ ਨਾਮ ਕੌਮੀ ਪੱਧਰ ਤੇ ਚਮਕਾਇਆ ਹੈ।
ਮਾਲਵਾ ਟਿੱਬਿਆਂ ਦੀ ਧਰਤੀ ਦੇ ਦਿਉਣ ਤੋਂ ਉਡਾਰੀ ਭਰੀ ਅਤੇ ਗੋਰਿਆਂ ਦੇ ਦੇਸ ਕੈਨੇਡਾ ਵਿਖੇ ਉੱਥੋਂ ਦੇ ਵਸਨੀਕਾਂ ਦੀ ਪ੍ਰਤੀਨਿਧਤਾ ਕਰਨ ਤੋਂ ਇਲਾਵਾ ਅੱਜ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਵਪਾਰ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਜੇਐਸ ਬਰਾੜ ਅਤੇ ਸੁਰਿੰਦਰਪਾਲ ਆਹੂਜਾ ਨੇ ਕਿਹਾ ‘ਅੱਜ ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਪੂਰੇ ਭਾਵਪੂਰਤ ਅਤੇ ਨਿੱਘੇ ਸ਼ਬਦਾਂ ਨਾਲ ਜਗਰੂਪ ਸਿੰਘ ਬਰਾੜ ਨੂੰ ਜੀ ਆਇਆਂ ਨੂੰ ਕਿਹਾ ਤੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਿੰਨੇ ਮਾਣ ਵਾਲੀ ਗੱਲ ਹੈ ਕਿ ਪਿੰਡ ਦੇ ਹੋਣਹਾਰ ਪੁੱਤਰ ਨੇ ਦਿਉਣ ਨੂੰ ਕੌਮਾਂਤਰੀ ਨਕਸ਼ੇ ਤੇ ਸਥਾਪਿਤ ਕਰ ਵਿਖਾਇਆ ਹੈ। ਇਸ ਮੌਕੇ ਜਗਰੂਪ ਸਿੰਘ ਬਰਾੜ ਨੇ ਦੱਸਿਆ ਕਿ ਕਿਸ ਤਰਾਂ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਉਨ੍ਹਾਂ ਦੇ ਰਾਹ ਦਸੇਰਾ ਬਣੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੀ ਉਂਗਲੀ ਫੜਕੇ ਪਿੰਡ ਦਿਉਣ ਤੋਂ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਸਰਗਰਮ ਸਿਆਸਤ ਵੱਲ ਤੋਰਿਆ ਜਿਸ ਦੀ ਮੰਜਿਲ ਕੈਨੇਡਾ ਦੀ ਵਿਧਾਨ ਸਭਾ ਅਤੇ ਬ੍ਰਿਟਿਸ਼ ਕੋਲੰਬੀਆ ਦੀ ਵਜ਼ਾਰਤ ਬਣੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸਰਗਰਮ ਸਿਆਸਤ ਵਿੱਚ ਆਪਣਾ ਨਾਂਅ ਬਨਾਉਣ ਲਈ ਉੱਥੋਂ ਦੇ ਗੋਰਿਆਂ ਅਤੇ ਆਪਣੇ ਪੰਜਾਬੀ ਭਰਾਵਾਂ ਵਾਸਤੇ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਾ ਹਮੇਸ਼ਾ ਉਨ੍ਹਾਂ ਦੀ ਤਰਜੀਹ ਰਹੀ ਹੈ। ਜਗਰੂਪ ਸਿੰਘ ਬਰਾੜ ਨੇ ਪਿੰਡ ਵਾਸੀਆਂ ਅਤੇ ਕਲੱਬ ਮੈਂਬਰਾਂ ਦਾ ਸਨਮਾਨ ਲਈ ਧੰਨਵਾਦ ਕੀਤਾ ਅਤੇ ਪਿੰਡ ਦੀ ਨੁਹਾਰ ਬਦਲਣ ਦੇ ਮੰਤਵ ਨਾਲ ਉਨ੍ਹਾਂ ਨੂੰ ਸਰਗਰਮ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਦੱਸਣਯੋਗ ਹੈ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਜਗਰੂਪ ਬਰਾੜ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਲੋਕਾਂ ਲਈ ਫੌਰੀ ਤੌਰ ‘ਤੇ ਕਦਮ ਚੁੱਕਣ ਦੇ ਹਾਮੀ ਮੰਨੇ ਜਾਂਦੇ ਹਨ।