ਚੰਡੀਗੜ੍ਹ, 20 ਜਨਵਰੀ, 2022: ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨ ਕੇ ਸਾਂਝੀ ਲੀਡਰਸ਼ਿਪ ਦੇ ਅਧੀਨ ਪੰਜਾਬ ਚੋਣਾਂ ਲੜਨ ਦਾ ਫੈਸਲਾ ਕਾਂਗਰਸ ਦੇ ਸੀਨੀਅਰ ਆਗੂਆਂ ਨੁੰ ਹਜ਼ਮ ਨਹੀਂ ਹੋ ਰਿਹਾ। ਇਸ ਮਾਮਲੇ ਨੁੰ ਲੈ ਕੇ ਕਾਂਗਰਸ ਦੀ ਅੰਦਰੂਨੀ ਜੰਗ ਤੇਜ਼ ਹੋ ਗਈ ਹੈ।
ਲੰਘੇ ਕੱਲ੍ਹ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਚੰਨੀ ਨੁੰ ਮੁੱਖ ਮੰਤਰੀ ਅਹੁਦੇ ਲਈ ਚੇਹਰਾ ਐਲਾਨਣ ਦੀ ਕੀਤੀ ਮੰਗ ਮਗਰੋਂ ਹੁਣ ਤਿੰਨ ਹੋਰ ਕੈਬਨਿਟ ਮੰਤਰੀ ਚੰਨੀ ਦੇ ਹੱਕ ਵਿਚ ਨਿੱਤਰ ਆਏ ਹਨ। ਰਾਣਾ ਗੁਰਜੀਤ ਸਿੰਘ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਦੇ ਚੇਹਰੇ ਲਈ ਚੰਨੀ ਦੀ ਸਿੱਧੀ ਹਮਾਇਤ ਕੀਤੀ ਹੈ ਤਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਅਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਹੜਾ ਕਾਂਗਰਸ ਵਿਚ ਜ਼ਿਆਦਾ ਜਿੱਦਬਾਜ਼ੀ ਕਰਦਾ ਹੈ, ਉਸਨੁੰ ਪਾਰਟੀ ਪਸੰਦ ਨਹੀਂ ਕਰਦੀ।