ਰੋਪੜ, 13 ਸਤੰਬਰ 2021: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਉਦਯੋਗਾਂ ਦਾ ਅਹਿਮ ਯੋਗਦਾਨ ਹੈ ਅਤੇ ਉਦਯੋਗਾਂ ਨੂੰ ਇਸ ਲਈ ਆਪਣੀ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਾ ਚਾਹੀਦਾ ਹੈ। ਤਿਵਾੜੀ ਕਲਾਸ ਇੰਡੀਆ ਵੱਲੋਂ 1000ਵੀਂ ਕਰੋਪ ਟਾਈਗਰ ਜਨਰੇਸ਼ਨ – 3 ਮਸ਼ੀਨ ਦੀ ਲਾਂਚਿੰਗ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਤਿਵਾਡ਼ੀ ਨੇ ਖੇਤੀ ਸੁਧਾਰ ਵਿਚ ਆਧੁਨਿਕ ਤਕਨੀਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕਿਸਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਤਿਵਾੜੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਉਦਯੋਗਾਂ ਦਾ ਅਹਿਮ ਯੋਗਦਾਨ ਹੈ। ਜਿਨ੍ਹਾਂ ਨੇ ਇਸ ਦੌਰਾਨ ਉਦਯੋਗਾਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਦੀ ਤਰੱਕੀ ਵਾਸਤੇ ਵਚਨਬੱਧ ਹੈ ਅਤੇ ਉਦਯੋਗਾਂ ਨੂੰ ਸਥਾਨਕ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਉਦਯੋਗਿਕ ਵੇਸਟ ਨੂੰ ਰੀਸਾਈਕਲ ਕੀਤੇ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ, ਜੋ ਵਾਤਾਵਰਨ ਸੰਭਾਲ ਲਈ ਇੱਕ ਅਹਿਮ ਜ਼ਰੂਰਤ ਹੈ।
ਇਸ ਦੌਰਾਨ ਐਮ.ਪੀ ਤਿਵਾੜੀ ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਉਪਰ ਪਰਾਲੀ ਜਲਾ ਕੇ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਗਾਉਂਦੇ ਹਨ, ਜਦਕਿ ਇਨ੍ਹਾਂ ਦਾ ਪ੍ਰਦੂਸ਼ਣ ਸਾਡੇ ਕਿਸਾਨ ਝਲਦੇ ਹਨ, ਜਿਹੜੇ ਬੀਤੇ ਕਰੀਬ ਨੌੰ ਮਹੀਨਿਆਂ ਤੋਂ ਉੱਥੇ ਸਹਿ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਾਮ ਕਨਨ ਐੱਮ.ਡੀ, ਕਿਰਪਾਲ ਸਿੰਘ ਸੀਆਨ ਡਿਪਟੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੁਨੀਲ ਝਾ ਡਾਇਰੈਕਟਰ ਇੰਜਨੀਅਰਿੰਗ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਵਿਜੇ ਸ਼ਰਮਾ ਚੇਅਰਮੈਨ ਪਲੈਨਿੰਗ ਬੋਰਡ ਮੋਹਾਲੀ, ਸੁਮਿਤ ਕਪਲਿਸ਼ ਜਨਰਲ ਮੈਨੇਜਰ, ਜਸਬੀਰ ਸਿੰਘ ਐੱਸ.ਡੀ.ਐੱਮ ਮੋਰਿੰਡਾ ਵੀ ਮੌਜੂਦ ਰਹੇ।