ਅੰਮ੍ਰਿਤਸਰ, 7 ਜਨਵਰੀ 2022 – ਬੀਤੇ ਕੱਲ੍ਹ ਇਟਲੀ ਤੋਂ ਆਈ ਫਲਾਈਟ ਵਿਚ 125 ਯਾਤਰੀਆਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਏਅਰਪੋਰਟ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਯਾਤਰੀਆਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਸੀ l ਜਿਸ ਤੋਂ ਬਾਅਦ ਵੱਖ ਵੱਖ ਜ਼ਿਲ੍ਹਿਆਂ ਦੇ ਮਰੀਜ਼ ਓਹਨਾਂ ਦੇ ਸ਼ਹਿਰ ਸਰਕਾਰੀ ਹਸਪਤਾਲਾਂ ਵਿੱਚ ਭੇਜ ਦਿੱਤੇ ਗਏ ਸਨ,ਜਦਕਿ ਇਨ੍ਹਾਂ ਵਿਚੋਂ 13 ਲੋਕ ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚੋਂ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ 9 ਏਅਰਪੋਰਟ ਅਤੇ 4 ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਫਰਾਰ ਹੋ ਗਏ ਸਨl
ਜਿਸ ਤੋਂ ਬਾਅਦ ਡੀ ਸੀ ਗੁਰਪ੍ਰੀਤ ਸਿੰਘ ਖਹਿਰਾ ਜੋ ਕਿ ਖ਼ੁਦ ਵੀ ਕੋਰੋਨਾ ਪਾਜ਼ੇਟਿਵ ਹਨ ਅਤੇ ਹੋਮ ਆਈਸੋਲੇਟ ਹਨ, ਉਨ੍ਹਾਂ ਵੱਲੋਂ ਏਡੀਸੀ ਰੂਹੀ ਦੁੱਗ ਨੂੰ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਜੇਕਰ ਇਹ 13 ਲੋਕ 7 ਜਨਵਰੀ ਤੱਕ ਵਾਪਿਸ ਨਹੀਂ ਪਹੁੰਚ ਜਾਂਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਵੀ ਕੀਤੀ ਜਾਵੇਗੀ ।
ਅੱਜ ਦੀ ਤਾਜ਼ਾ ਸਥਿਤੀ ਦੱਸਦੇ ਹੋਏ ਅਸਿਸਟੈਂਟ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ 13 ਲੋਕਾਂ ਵਿੱਚੋਂ 9 ਲੋਕ ਅੰਮ੍ਰਿਤਸਰ ਦੇ ਜਦਕਿ 4 ਲੋਕ ਬਾਹਰ ਦੇ ਜ਼ਿਲ੍ਹਿਆਂ ਤਿੰਨ ਤਰਨਤਾਰਨ ਅਤੇ ਇਕ ਲੁਧਿਆਣੇ ਦੇ ਵਸਨੀਕ ਨਿਕਲੇ ਹਨ।
ਇਸ ਦੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਜੋ ਪਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਵਲੋਂ ਦਿੱਤੇ ਗਏ ਸਨ ਉਨ੍ਹਾਂ ਦੇ ਮੁਤਾਬਕ 13 ਲੋਕ ਅੰਮ੍ਰਿਤਸਰ ਨਾਲ ਸਬੰਧਤ ਸਨ,ਜਦ ਕਿ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਤਸਦੀਕ ਕਰਣ ਤੋਂ ਬਾਅਦ ਇਹ ਤਿੱਨ ਵਿਅਕਤੀ ਤਰਨਤਾਰਨ ਅਤੇ ਇਕ ਲੁਧਿਆਣੇ ਦਾ ਵਸਨੀਕ ਨਿਕਲਿਆl ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਸਿਹਤ ਵਿਭਾਗ ਵੱਲੋਂ ਤਰਨਤਾਰਨ ਅਤੇ ਲੁਧਿਆਣਾ ਦੇ ਸਿਹਤ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਸ ਨਾਲ ਕਿ ਉਹ ਆਪਣੇ ਜ਼ਿਲ੍ਹੇ ਦੇ ਮਰੀਜ਼ਾਂ ਦਾ ਬਣਦਾ ਇਲਾਜ ਕਰਵਾ ਸਕਣ।
ਏਧਰ ਅੰਮ੍ਰਿਤਸਰ ਵਿਚ ਸਿਹਤ ਵਿਭਾਗ ਦੇ ਅਨੁਸਾਰ ਥੋੜ੍ਹੀ ਦੇਰ ਵਿਚ ਅੰਮ੍ਰਿਤਸਰ ਨਾਲ ਸਬੰਧਤ 9 ਮਰੀਜ਼ ਗੁਰੂ ਨਾਨਕ ਹਸਪਤਾਲ ਵਿੱਚ ਲੈ ਕੇ ਆਏ ਜਾ ਰਹੇ ਹਨ