ਬਠਿੰਡਾ, 7 ਜਨਵਰੀ2022: ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਾਏ ਜਾਣ ਵਾਲੇ ਚੋਣ ਜਾਬਤੇ ਤੋਂ ਐਨ ਪਹਿਲਾਂ ਪੰਜਾਬ ’ਚ ਇੱਕ ਵਾਰ ਫਿਰ ਤੋਂ ਵੱਡੇ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਖਿੱਚ੍ਹ ਦਿੱਤੀ ਗਈ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਆਪਣੇ ਸਭ ਤੋਂ ਵੱਡੇ ਹੈਡਕੁਆਰਟਰ ਡੇਰਾ ਸਲਾਬਤਪੁਰਾ ’ਚ 9 ਜਨਵਰੀ ਐਤਵਾਰ ਨੂੰ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਡੇਰੇ ਦੇ ਪ੍ਰਬੰਧਕਾਂ ਵੱਲੋਂ ਡੇਰਾ ਸਿਰਸਾ ਦੇ ਦੂਸਰੇ ਗੱਦੀਨਸ਼ੀਨ ਮਰਹੂਮ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਮਨਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਨੂੰ ਭੰਡਾਰੇ ਦੇ ਰੂਪ ’ਚ ਮਨਾਇਆ ਜਾਣਾ ਹੈ। ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ 26 ਜਨਵਰੀ ਨੂੰ ਹੈ ।
ਇਸ ਦਿਨ ਸਿਰਸਾ ’ਚ ਸਭ ਤੋਂ ਵੱਡਾ ਇਕੱਠ ਕੀਤਾ ਜਾਂਦਾ ਹੈ ਜਿਸ ’ਚ ਕਈ ਸੂਬਿਆਂ ਦੇ ਪੈਰੋਕਾਰ ਪੁੱਜਦੇ ਹਨ। ਖਾਸ ਤੌਰ ਦੇ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਤਾਂ ਪਿਛੋਕੜ ’ਚ ਜੋ ਇਕੱਠ ਕੀਤੇ ਜਾਂਦੇ ਸਨ ਉਨ੍ਹਾਂ ’ਚ ਕਰੋੜਾਂ ਡੇਰਾ ਸ਼ਰਧਾਲੂਆਂ ਦੇ ਸ਼ਾਮਲ ਹੋਣ ਬਾਰੇ ਦਾਅਵਾ ਕੀਤਾ ਜਾਂਦਾ ਹੈ। ਇਸ ਵਾਰ ਕੋਵਿਡ ਅਤੇ ਚੋਣਾਂ ਕਾਰਨ ਪੰਜਾਬ ਦੇ ਸ਼ਰਧਾਲੂਆਂ ਦਾ ਵੱਖਰਾ ਇਕੱਠ ਦੀ ਰਣਨੀਤੀ ਘੜੀ ਗਈ ਹੈ। ਇਸ ਸਮਾਗਮ ਲਈ ਡੇਰਾ ਸਲਾਬਤਪੁਰਾ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਰੋਨਾ ਦੀ ਤੀਸਰੀ ਲਹਿਰ ਨੂੰ ਦੇਖਦਿਆਂ ਸਮਾਗਮ ਦੌਰਾਨ ਸਰਕਾਰੀ ਨਿਯਮਾਂ ਦਾ ਪੂਰਾ ਪੂਰਾ ਖਿਆਲ ਰੱਖਣ ਦੀ ਗੱਲ ਵੀ ਆਖੀ ਜਾ ਰਹੀ ਹੈ।
ਉਂਜ ਡੇਰਾ ਪ੍ਰਬੰਧਕ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਰੁਖ ਦਾ ਵੀ ਇੰਤਜ਼ਾਰ ਕਰ ਰਹੇ ਹਨ। ਪ੍ਰਬੰਧਕਾਂ ਨੂੰ ਖਦਸ਼ਾ ਹੈ ਕਿ ਕਰੋਨਾ ਅਤੇ ਚੋਣ ਜਾਬਤਾ ਲੱਗਣ ਕਾਰਨ ਜਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਾਈ ਜਾ ਸਕਦੀ ਹੈ। ਜਿਸ ਤਰਾਂ ਦੇ ਚਰਚੇ ਚੱਲ ਰਹੇ ਹਨ ਉਨ੍ਹਾਂ ਮੁਤਾਬਕ ਵਿਧਾਨ ਸਭਾ ਚੋਣਾਂ ਦਾ ਐਲਾਨ ਆਉਂਦੇ ਦੋ ਜਾਂ ਤਿੰਨ ਦਿਨਾਂ ਤੱਕ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਹੱਡ ਚੀਰਵੀਂ ਠੰਢ ਦੇ ਬਾਵਜੂਦ ਡੇਰਾ ਪੈਰੋਕਾਰ ਇਸ ਸੰਮੇਲਨ ਨੂੰ ਪੂਰੀ ਤਰਾਂ ਸਫਲ ਬਨਾਉਣ ’ਚ ਜੁਟ ਗਏ ਹਨ। ਪਤਾ ਲੱਗਿਆ ਹੈ ਕਿ ਪ੍ਰਬੰਧਕਾਂ ਵੱਲੋਂ ਪਿੰਡ ਪੱਧਰ ਦੇ ਆਗੂਆਂ ਤੱਕ ਸੁਨੇਹੇ ਭੇਜਕੇ ਡੇਰਾ ਪੈਰੋਕਾਰਾਂ ਨੂੰ ਸਲਾਬਤਪੁਰਾ ਲਿਆਉਣ ਲਈ ਆਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਸਲਾਬਤਪੁਰਾ ਡੇਰੇ ’ਚ ਲੱਖਾਂ ਦਾ ਇਕੱਠ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਦੇ ਠਹਿਰਨ ਅਤੇ ਲੰਗਰ ਆਦਿ ਦੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ ਜਿੰਨ੍ਹਾਂ ’ਚ ਸੁਰੱਖਿਆ ਵੀ ਸ਼ਾਮਲ ਹੈ।ਡੇਰਾ ਪ੍ਰੇਮੀਆਂ ਨੇ ਦੱਸਿਆ ਕਿ ਜਨਵਰੀ ਮਹੀਨਾ ਡੇਰੇ ਦੇ ਪੈਰੋਕਾਰਾਂ ’ਚ ਖਾਸ ਮਹੱਤਵ ਰੱਖਦਾ ਹੈ ਜਿਸ ਕਰਕੇ ਸਲਾਬਤਪੁਰਾ ’ਚ ਆਮ ਦਿਨਾਂ ਨਾਲੋਂ ਕਿਤੇ ਜਿਆਦਾ ਇਕੱਠ ਹੋਵੇਗਾ। ਹਾਲਾਂਕਿ ਡੇਰਾ ਪ੍ਰਬੰਧਕ ਫਿਲਹਾਲ ਕਿਸੇ ਸਿਆਸੀ ਗੱਲਬਾਤ ਕੀਤੇ ਜਾਣ ਬਾਰੇ ਪ੍ਰਤੀਕਿਰਿਆ ਦੇਣ ਤੋਂ ਤਾਂ ਪਾਸਾ ਵੱਟ ਰਹੇ ਹਨ ਪਰ ਚੋਣ ਮਹੌਲ ਦੌਰਾਨ ਤੋਂ ਮਾਲਵੇ ’ਚ ਵੱਡੀ ਤਾਕਤ ਮੰਨੇ ਜਾਂਦੇ ਡੇਰਾ ਸਿਰਸਾ ਦਾ ਸਲਾਬਤਪੁਰਾ ਸਮਾਗਮ ਸਿਆਸੀ ਪੱਖ ਤੋਂ ਅਹਿਮ ਸਮਝਿਆ ਜਾ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਸਮਾਗਮ ’ਚ ਸ਼ਮੂਲੀਅਤ ਕਰਨ ਵਾਲੇ ਸਿਆਸੀ ਵਿੰਗ ਦੇ ਮੈਂਬਰਾਂ ਅਤੇ ਸਿਰਸਾ ਤੋਂ ਆਉਣ ਵਾਲੇ ਪ੍ਰਬੰਧਕਾਂ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਏਕਤਾ ਬਣਾ ਕੇ ਰੱਖਣ ਦਾ ਸੱਦਾ ਦਿੱਤਾ ਜਾਏਗਾ। ਡੇਰਾ ਪ੍ਰਬੰਧਕ ਪਿੰਡਾਂ ’ਚ ਭੰਗੀਦਾਸਾਂ ਦੇ ਰੂਪ ’ਚ ਕੰਮ ਕਰਦੇ ਪਿੰਡ ਤੇ ਬਲਾਕ ਪੱਧਰੀ ਆਗੂਆਂ ਨਾਲ ਮੀਟਿੰਗ ਕਰਕੇ ਵੀ ਸੰਗਤ ਦੀ ਸਿਆਸੀ ਨਬਜ ਟੋਹ ਸਕਦੇ ਹਨ। ਡੇਰਾ ਸਿਰਸਾ ਵੱਲੋਂ ਪਹਿਲਾਂ ਗੁਪਤ ਤੌਰ ’ਤੇ ਸਿਆਸੀ ਹਮਾਇਤ ਦਿੱਤੀ ਜਾਂਦੀ ਰਹੀ ਹੈ ਪਰ ਸਾਲ 2007 ਦੀਆਂ ਚੋਣਾਂ ਵਿੱਚ ਪਹਿਲੀ ਦਫਾ ਸਿਆਸੀ ਵਿੰਗ ਬਣਾ ਕੇ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਸ ਮਗਰੋਂ ਡੇਰਾ ਪੈਰੋਕਾਰਾਂ ਨੂੰ ਇਸ ਤਰਾਂ ਖੁੱਲ੍ਹੇਆਮ ਹਮਾਇਤ ਦੇਣ ਦਾ ਖ਼ਮਿਆਜਾ ਵੀ ਭੁਗਤਣਾ ਪਿਆ ਸੀ।
ਡੇਰਾ ਸ਼ਰਧਾਲੂ ਆਖਦੇ ਹਨ ਕਿ ਜੇਕਰ ਬਾਦਲ ਦੇ ਰਾਜ ’ਚ ਉਨ੍ਹਾਂ ਨੂੰ ਕੁੱਟਿਆ ਗਿਆ ਤਾਂ ਬਖਸ਼ਿਆ ਕੈਪਟਨ ਦੇ ਰਾਜ ’ਚ ਵੀ ਨਹੀਂ ਹੈ। ਇਸ ਵਾਰ ਸਿਆਸੀ ਧਿਰਾਂ ਨਾਲ ਸਬੰਧਤ ਸਿੱਖ ਆਗੂ ਜਾਂ ਉਮੀਦਵਾਰਾਂ ਵੱਲੋਂ ਸਾਲ 2017 ਦੀ ਤਰਾਂ ਡੇਰੇ ਦੇ ਪ੍ਰੋਗਰਾਮ ’ਚ ਸ਼ਰੇਆਮ ਸ਼ਾਮਲ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ। ਫਿਰ ਵੀ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਅਤੇ ਲੀਡਰਾਂ ਦੇ ਸਲਾਬਤਪੁਰਾ ਵਿਚਲੇ ਸਮਾਗਮਾਂ ’ਚ ਪੁੱਜਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਜਪਾ ਦੇ ਕੁੱਝ ਸਿਆਸੀ ਆਗੂਆਂ ਵੱਲੋਂ ਸਲਾਬਤਪੁਰਾ ਸਮਾਗਮ ’ਚ ਸ਼ਿਰਕਤ ਦੇ ਚਰਚੇ ਹਨ ਜਦੋਂਕਿ ਹੋਰ ਕੁੱਝ ਪਾਰਟੀਆਂ ਤੇਲ ਦੇਖੋ ਤੇਲ ਦੀ ਧਾਰ ਦੇਖੋ ਦੀ ਰਣਨੀਤੀ ਤੇ ਤੁਰਦੀਆਂ ਦਿਖਾਈ ਦੇ ਰਹੀਆਂ ਹਨ।
ਸਾਡੇ ਵੱਲੋਂ ਤਿਆਰੀਆਂ ਜਾਰੀ :ਪ੍ਰਬੰਧਕ
ਡੇਰਾ ਸਲਾਬਤਪੁਰਾ ਦੇ ਪ੍ਰਬੰਧਕ ਜੋਰਾ ਸਿੰਘ ਆਦਮਪੁਰਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ 9 ਜਨਵਰੀ ਦੇ ਸਮਾਗਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਡੇਰਾ ਸਿਰਸਾ ਦੇ ਪ੍ਰਬੰਧਕ ਜਿਲ੍ਹਾ ਪ੍ਰਸ਼ਾਸ਼ਨ ਨੂੰ ਮਿਲ ਰਹੇ ਹਨ ਅਤੇ ਅਧਿਕਾਰੀਆਂ ਵੱਲੋਂ ਜੇਕਰ ਕੋਈ ਨਵੀਂ ਹਦਾਇਤ ਆਉਂਦੀ ਹੈ ਤਾਂ ਉਸ ਮੁਤਾਬਕ ਅਗਲੇ ਕਦਮ ਚੁੱਕੇ ਜਾਣਗੇ।