ਵਿਲਮਿੰਗਟਨ, 31 ਦਸੰਬਰ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰੂਸ ਨੇ ਹੋਰ ਫ਼ੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਯੂਕਰੇਨ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਇਸ ਤੇ ਪੁਤਿਨ ਨੇ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਸਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਸਕਦਾ ਹੈ। ਯੂਕਰੇਨ ਨੇੜੇ ਰੂਸੀ ਫ਼ੌਜ ਦੀ ਵੱਧਦੀ ਦਖਲਅੰਦਾਜ਼ੀ ਤੇ ਦੋਵਾਂ ਨੇਤਾਵਾਂ ਨੇ ਕਰੀਬ ਇੱਕ ਘੰਟੇ ਤੱਕ ਖੁੱਲ੍ਹ ਕੇ ਗੱਲਬਾਤ ਕੀਤੀ।
ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਦੁਆਰਾ ਵਾਧੂ ਪਾਬੰਦੀਆਂ ਲਗਾਉਣਾ ਗੰਭੀਰ ਨਤੀਜਿਆਂ ਵਾਲੀ ਇੱਕ ਵੱਡੀ ਗਲਤੀ ਹੋਵੇਗੀ। ਸ਼ਾਕੋਵ ਨੇ ਮਾਸਕੋ ਵਿੱਚ ਪੱਤਰਕਾਰਾਂ ਨੂੰ ਬਾਈਡੇਨ ਅਤੇ ਪੁਤਿਨ ਵਿਚਕਾਰ ਫੋਨ ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਤਿਨ ਨੇ ਬਾਈਡੇਨ ਨੂੰ ਕਿਹਾ ਕਿ ਜੇਕਰ ਅਮਰੀਕਾ ਦੀਆਂ ਸਰਹੱਦਾਂ ਦੇ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਜਾਂਦੇ ਹਨ ਤਾਂ ਰੂਸ ਅਮਰੀਕਾ ਵਾਂਗ ਕੰਮ ਕਰੇਗਾ। ਉੱਥੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਫੋਨ ਤੇ ਹੋਈ ਗੱਲਬਾਤ ਬਾਰੇ ਕੋਈ ਖੁੱਲ੍ਹੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੇਤਾ ਇਸ ਗੱਲ ਤੇ ਸਹਿਮਤ ਹਨ ਕਿ ਬਹੁਤ ਸਾਰੇ ਖੇਤਰ ਹਨ ਜਿੱਥੇ ਦੋਵੇਂ ਧਿਰਾਂ ਸਾਰਥਕ ਤਰੱਕੀ ਕਰ ਸਕਦੀਆਂ ਹਨ ਪਰ ਅਜਿਹੇ ਮਤਭੇਦ ਵੀ ਹਨ ਜਿਨ੍ਹਾਂ ਨੂੰ ਹੱਲ ਕਰਨਾ ਅਸੰਭਵ ਹੋ ਸਕਦਾ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਾਈਡੇਨ ਨੇ ਰੂਸ ਨੂੰ ਯੂਕਰੇਨ ਨਾਲ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਅਮਰੀਕਾ, ਉਸ ਦੇ ਸਹਿਯੋਗੀ ਅਤੇ ਹਿੱਸੇਦਾਰ ਨਿਰਣਾਇਕ ਤੌਰ ਤੇ ਜਵਾਬ ਦੇਣਗੇ।
ਇਹ ਗੱਲਬਾਤ ਅਮਰੀਕਾ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਜਿਨੇਵਾ ਵਿੱਚ 9 ਅਤੇ 10 ਜਨਵਰੀ ਨੂੰ ਹੋਣ ਵਾਲੀ ਵਾਰਤਾ ਤੋਂ ਪਹਿਲਾਂ ਹੋ ਰਹੀ ਹੈ। ਦੋਵਾਂ ਨੇਤਾਵਾਂ ਨੇ 7 ਦਸੰਬਰ ਨੂੰ ਵੀਡੀਓ ਕਾਲ ਤੇ ਵੀ ਗੱਲਬਾਤ ਕੀਤੀ। ਜਿਨੇਵਾ ਵਾਰਤਾ ਤੋਂ ਬਾਅਦ 12 ਜਨਵਰੀ ਨੂੰ ਰੂਸ-ਨਾਟੋ ਕੌਂਸਲ ਦੀ ਮੀਟਿੰਗ ਹੋਵੇਗੀ ਅਤੇ 13 ਜਨਵਰੀ ਨੂੰ ਵਿਆਨਾ ਵਿੱਚ ਸੁਰੱਖਿਆ ਅਤੇ ਸਹਿਯੋਗ ਸੰਗਠਨ ਦੀ ਬੈਠਕ ਹੋਵੇਗੀ।