ਨਵੀਂ ਦਿੱਲੀ – ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ 24/7 ਹੈਲਪਲਾਈਨ ਨੰਬਰ ਲਾਂਚ ਕੀਤਾ ਹੈ। ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਐਮਰਜੈਂਸੀ ਤੇ ਗ਼ੈਰ-ਐਮਰਜੈਂਸੀ ਸ਼ਿਕਾਇਤਾਂ ਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸੇਵਾ ਦਾ ਪੁਲੀਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਨੋਵਿਗਿਆਨਕ ਸੇਵਾਵਾਂ ਵਰਗੀਆਂ ਅਥਾਰਟੀਆਂ ਨਾਲ ਜੁੜ ਕੇ ਅਤੇ ਇੱਕੋ ਨੰਬਰ ਦੁਆਰਾ ਦੇਸ਼ ਭਰ ਵਿੱਚ ਔਰਤਾਂ ਨਾਲ ਸੰਬੰਧਤ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦਾ ਟੀਚਾ ਹੈ।ਕੌਮੀ ਮਹਿਲਾ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿੱਚ ਹੈਲਪਲਾਈਨ ਨੰਬਰ 7827-170-170 ਤੇ ਹਰ ਉਹ ਔਰਤ 24 ਘੰਟੇ ਵਿੱਚ ਕਦੀ ਵੀ ਕਾਲ ਕਰ ਸਕਦੀ ਹੈ ਜੋ ਘਰੇਲੂ ਹਿੰਸਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਈ ਹੈ। ਨਵੀਂ ਦਿੱਲੀ ਵਿੱਚ ਕੌਮੀ ਮਹਿਲਾ ਕਮਿਸ਼ਨ ਦੇ ਕੰਪਲੈਕਸ ਤੋਂ ਸੰਚਾਲਿਤ ਹੋਣ ਵਾਲੀ ਇਸ ਹੈਲਪਲਾਈਨ ਤੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀ ਕੋਈ ਵੀ ਲੜਕੀ ਜਾਂ ਔਰਤ ਫੋਨ ਕਰਕੇ ਮਦਦ ਹਾਸਲ ਕਰ ਸਕਦੀ ਹੈ।ਇਹ ਹੈਲਪਲਾਈਨ ਸੇਵਾ ਮਹਿਲਾ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦੇ ਹੋਏ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਕੌਮੀ ਮਹਿਲਾ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲੀਆਂ ਸੇਵਾਵਾਂ ਦੇ ਵਾਂਗ ਹੈ।ਇਸ ਨਵੀਂ ਹੈਲਪਲਾਈਨ ਦਾ ਮਕਸਦ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਸਹੂਲੀਅਤ ਮੁਹੱਈਆ ਕਰਨਾ ਹੈ ਜਿਵੇਂ ਪੁਲੀਸ ਤੋਂ ਮਦਦ, ਮਨੋ-ਸਮਾਜਿਕ ਸਲਾਹ ਤੇ ਹੋਰ ਸੇਵਾਵਾਂ ਦੇ ਨਾਲ ਵਨ ਸਟਾਪ ਸੈਂਟਰ ਤੱਕ ਪਹੁੰਚ ਬਣਾਉਣਾ ਹੈ। ਔਰਤਾਂ ਖਿਲਾਫ਼ ਹਿੰਸਾ ਨਾਲ ਸੰਬੰਧਤ ਮੁੱਦਿਆਂ ਤੇ ਮਦਦ ਦੀ ਸਹੂਲੀਅਤ ਲਈ ਹੈਲਪਲਾਈਨ ਸੇਵਾ 24 ਘੰਟੇ ਕੰਮ ਕਰੇਗੀ।