ਚੰਡੀਗੜ੍ਹ , 27 ਦਸੰਬਰ 2021- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਦੌਰੇ ਤੋਂ ਬਾਅਦ ਦੇਰ ਸ਼ਾਮ ਨਕੋਦਰ ਪੁੱਜੇ। ਖ਼ਰਾਬ ਮੌਸਮ ਕਾਰਨ ਪਹਿਲਾਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦਾ ਨਕੋਦਰ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ ਪਰ ਉਹ ਦੇਰ ਸ਼ਾਮ ਪੀਰਾਂ-ਮਸਤ ਦੀ ਧਰਤੀ ’ਤੇ ਪਹੁੰਚ ਗਏ। ਮੁੱਖ ਮੰਤਰੀ ਨੇ ਡੇਰਾ ਬਾਬਾ ਮੁਰਾਦ ਸ਼ਾਹ ਦੇ ਦਰਬਾਰ ਵਿੱਚ ਅਤੇ ਅਲਮਸਤ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਵਿੱਚ ਮੱਥਾ ਟੇਕਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੋਵੇਂ ਡੇਰਿਆਂ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਅਤੇ ਹੋਰ ਆਗੂਆਂ ਸਮੇਤ ਡੇਰਾ ਬਾਬਾ ਮੁਰਾਦ ਸ਼ਾਹ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੱਥਾ ਟੇਕਿਆ ਅਤੇ ਪੰਜਾਬ ਦੀ ਬਿਹਤਰੀ ਲਈ ਅਰਦਾਸ ਕੀਤੀ। ਡੇਰੇ ਦੇ ਟਰੱਸਟੀਆਂ ਨੇ ਮੁੱਖ ਮੰਤਰੀ ਨੂੰ ਸ਼ਾਲ ਭੇਟ ਕੀਤਾ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਦੋਵਾਂ ਡੇਰਿਆਂ ‘ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਸੰਗਤ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਆਈਆਂ ਸੰਗਤਾਂ ਨਾਲ ਚਾਹ ਦੇ ਲੰਗਰ ਵਿੱਚ ਬੈਠ ਕੇ ਚਾਹ ਦਾ ਸਵਾਦ ਵੀ ਲਿਆ। ਮੁੱਖ ਮੰਤਰੀ ਚੰਨੀ ਦਰਬਾਰ ਅਲਮਸਤ ਨੇ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਵਿੱਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਦਰਬਾਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਸੰਗਤ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਵਿੱਚ ਉਹ ਪੰਜਾਬ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਮੁੱਖ ਮੰਤਰੀ ਨੇ ਦਰਬਾਰ ਦੇ ਮੁੱਖ ਸੇਵਾਦਾਰ ਹੰਸ ਰਾਜ ਹੰਸ ਅਤੇ ਹੋਰ ਪਤਵੰਤਿਆਂ ਨਾਲ ਮਿਲ ਕੇ ਲੰਗਰ ਵੀ ਛਕਿਆ।
ਇਸ ਮੌਕੇ ਹੰਸ ਰਾਜ ਹੰਸ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਦੋਵਾਂ ਧਾਰਮਿਕ ਸਥਾਨਾਂ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।