ਅੰਮ੍ਰਿਤਸਰ, 16 ਨਵੰਬਰ, 2021: -ਸਪੈਸ਼ਲ ਸੈੱਲ ਦਿੱਲੀ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਨਕਲੀ ਨੋਟ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ‘ਚ ਖਾਸ ਤੌਰ ‘ਤੇ 100-100 ਰੁਪਏ ਦੇ ਨਕਲੀ ਨੋਟ ਬਣਾਏ ਜਾ ਰਹੇ ਸਨ। ਦਿੱਲੀ ‘ਚ ਹੀ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦੀ ਸੂਚਨਾ ਦੇ ਆਧਾਰ ’ਤੇ ਜਦੋਂ ਦਿੱਲੀ ਪੁਲਸ ਨੇ ਨਿਊ ਅੰਮ੍ਰਿਤਸਰ ਸਥਿਤ ਇੱਕ ਘਰ ਵਿੱਚ ਛਾਪਾ ਮਾਰਿਆ ਤਾਂ ਨਕਲੀ ਨੋਟ ਬਣਾਉਣ ਦਾ ਪੂਰਾ ਸੈਟਅਪ ਲਗਾ ਹੋਇਆ ਸੀ। ਛਾਪੇਮਾਰੀ ਦੌਰਾਨ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਤਲਾਸ਼ੀ ਦੌਰਾਨ ਉਕਤ ਫੈਕਟਰੀ ‘ਚੋਂ ਕੁੱਲ 6 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਖਾਸ ਗੱਲ ਇਹ ਹੈ ਕਿ ਇਹ ਸਾਰੀ ਰਕਮ 100-100 ਰੁਪਏ ਦੇ ਨਕਲੀ ਨੋਟਾਂ ‘ਤੇ ਆਧਾਰਿਤ ਸੀ। ਇਸ ਤੋਂ ਇਲਾਵਾ ਦਿੱਲੀ ਪੁਲਸ ਨੇ ਅੰਮ੍ਰਿਤਸਰ ਤੋਂ ਵਿਕਰਮਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ‘ਚੋਂ 70 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ।