ਸਿਡਨੀ, 16 ਨਵੰਬਰ, 2021 : ਦੱਖਣੀ ਆਸਟਰੇਲੀਆ ਦੀ ਪਾਰਲੀਮੈਂਟ ਵਿਚ ਇਸ ਸਾਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਅੱਜ 16 ਨਵੰਬਰ ਨੂੰ ਸ਼ਾਮ 5 ਵਜੇ ਇਹ ਪ੍ਰਕਾਸ਼ ਕਰਵਾਇਆ ਜਾਵੇਗਾ ਤੇ ਪਾਰਲੀਮੈਂਟ ਵਿਚ ਸ੍ਰੀ ਸੁਖਮਾਨੀ ਸਾਹਿਬ ਦੇ ਪਾਠ ਹੋਣਗੇ।
ਪੰਜਾਬੀ ਅਖਬਾਰ ਡਾਟ ਕਾਮ ਦੀ ਰਿਪੋਰਟ ਮੁਤਾਬਕ ਇਹ ਸਾਰਾ ਉਦਮ ਐਮ ਐਲ ਸੀ ਰਸਲ ਵਾਰਟਲੇ ਤੇ ਐਮ ਪੀ ਦਾਨਾ ਵਾਰਟਲੇ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਰਿਹਾ ਹੈ ਤੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਗੁਰਿੰਦਰਜੀਤ ਸਿੰਘ ਜੱਸਰ (ਖਾਲਸਾ ਏਡ), ਲਖਵੀਰ ਸਿੰਘ ਤੂਰ, ਧਰੁਵ ਕੁਮਾਰ ਤੇ ਮੋਨਿਕਾ ਕੁਮਾਰੀ ਨੇ ਅਹਿਮ ਰੋਲ ਅਦਾ ਕੀਤਾ ਹੈ।
ਕੋਰੋਨਾ ਨਿਯਮਾਂ ਦੇ ਚਲਦਿਆਂ ਸਰਕਾਰ ਨੇ ਪਾਰਲੀਮੈਂਟ ਵਿਚ ਹੋ ਰਹੇ ਇਸ ਪ੍ਰੋਗਰਾਮ ਵਿਚ ਸਿਰਫ 50 ਵਿਅਕਤੀਆਂ ਦੀ ਸ਼ਮੂਲੀਅਤ ਲਈ ਪ੍ਰਵਾਨਗੀ ਦਿੱਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰਹਿਤ ਮਰਿਆਦਾ ਅਨੁਸਾਰ ਗੁਰਦੁਆਰਾ ਸਰਬੱਤ ਖਾਲਸਾ ਸਾਹਬਿ ਤੋਂ ਲਿਆਂਦਾ ਜਾਵੇਗਾ। ਇਸਮੌਕੇ ਦੇਗ ਦੀ ਸੇਵਾ ਸਿੱਖ ਸੁਸਾਇਟੀ ਗੁਰਦੁਆਰਾ ਗਲੈਨ ਆਸਮੰਡ ਦੇ ਸੇਵਦਾਰਾਂ ਵੱਲੋਂ ਨਿਭਾਈ ਜਾ ਰਹੀ ਹੈ।
ਵੱਡੀ ਗੱਲ ਇਹ ਹੈ ਕਿ ਇਸ ਇਤਿਹਾਸਕ ਕੰਮ ਵਾਸਤੇ ਬਹੁਤ ਸਾਰੀਆਂ ਇਜ਼ਾਜਤ ਆਦਿ ਲਈਆਂ ਗਈਆਂ ਹਨ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਸਹਿਤ ਲਿਆਉਣ ਅਤੇ ਲਿਜਾਉਣ ਸਮੇਂ ਅਤੇ ਪਾਠ ਦੇ ਸਮੁੱਚੇ ਸਮੇਂ ਦੌਰਾਨ ਪਾਰਲੀਮੈਂਟ ਵਿੱਚ ਨੰਗੇ ਪੈਰ ਜਾਣ ਦੀ ਇਜਾਜ਼ਤ, ਰਾਹਾਂ ਉਪਰ ਜਲ ਦਾ ਛਿੜਕਾਅ ਆਦਿ ਦੀ ਇਜਾਜ਼ਤ ਮਾਣਯੋਗ ਸਪੀਕਰ ਕੋਲੋਂ ਲਈ ਗਈ ਹੈ। ਅਤੇ ਇਸ ਵਾਸਤੇ ਇਸ ਕਾਰਜ ਦੇ ਆਯੋਜਕਾਂ ਨੇ ਉਚੇਚੇ ਤੌਰ ਤੇ ਦੱਖਣੀ-ਆਸਟ੍ਰੇਲੀਆ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਇਸਤੋਂ ਇਲਾਵਾ ਧਾਰਮਿਕ ਜੱਥੇਬੰਦੀਆਂ ਵੱਲੋਂ ਵੀ ਇਸ ਕਾਰਜ ਨੂੰ ਪੂਰਨ ਸਿੱਖ ਮਰਿਆਦਾ ਅਨੁਸਾਰ ਨਿਭਾਉਣ ਦੀ ਇਜਾਜ਼ਤ ਵੀ ਉਚੇਚੇ ਤੌਰ ’ਤੇ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ, ਵਿਕਟੋਰੀਆਈ ਪਾਰਲੀਮੈਂਟ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਕੀਤਾ ਗਿਆ ਸੀ।