ਸਿੰਗਾਪੁਰ, 10 ਨਵੰਬਰ – ਸਿੰਗਾਪੁਰ ਦੇ ਚਿੜੀਆਘਰ ਵਿੱਚ ਚਾਰ ਏਸ਼ੀਆਈ ਸ਼ੇਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਹ ਸ਼ੇਰ ਇਨਫੈਕਟਿਡ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਸਨ। ਮੰਡਈ ਵਾਈਲਡਲਾਈਫ ਗਰੁੱਪ ਦੇ ਕੰਜ਼ਰਵੇਸ਼ਨ ਐਂਡ ਰਿਸਰਚ ਐਂਡ ਵੈਟਰਨਰੀ ਮੈਡੀਸਨ ਦੇ ਉਪ ਪ੍ਰਧਾਨ ਡਾਕਟਰ ਸੋਨਾਜਾ ਲੂਜ਼ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਾਰੇ ਸ਼ੇਰ ਸਿਹਤਮੰਦ ਹਨ ਅਤੇ ਚੰਗੀ ਤਰ੍ਹਾਂ ਖਾ-ਪੀ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ੇਰ ਨਾਈਟ ਸਫਾਰੀ ਵਿੱਚ ਸੰਕਰਮਿਤ ਪਾਏ ਗਏ ਸਨ। ਸ਼ੇਰਾਂ ਵਿੱਚ 6 ਨਵੰਬਰ ਤੋਂ ਖੰਘ, ਛਿੱਕਾਂ ਵਰਗੇ ਹਲਕੇ ਲੱਛਣ ਸਨ। ਐਨੀਮਲ ਐਂਡ ਵੈਟਰਨਰੀ ਸਰਵਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਮੰਡਈ ਵਾਈਲਡਲਾਈਫ ਗਰੁੱਪ ਦੇ ਉਨ੍ਹਾਂ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ। ਏ. ਵੀ. ਐੱਸ. ਨੇ ਮੰਡਈ ਵਾਈਲਡਲਾਈਫ ਗਰੁੱਪ ਨੂੰ ਸਾਰੇ 9 ਏਸ਼ੀਆਈ ਅਤੇ ਪੰਜ ਅਫਰੀਕੀ ਸ਼ੇਰਾਂ ਨੂੰ ਅਲੱਗ-ਥਲੱਗ ਕਰਨ ਲਈ ਕਿਹਾ ਹੈ। ਏ. ਵੀ. ਐਸ. ਦੁਆਰਾ ਇੱਕ ਪੀਸੀਆਰ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਇਹ ਚਾਰ ਏਸ਼ੀਆਈ ਸ਼ੇਰ ਸੰਕਰਮਿਤ ਪਾਏ ਗਏ ਸਨ।
ਮੰਡਈ ਵਾਈਲਡਲਾਈਫ ਗਰੁੱਪ ਨੇ ਦੱਸਿਆ ਕਿ ਨਾਈਟ ਸਫਾਰੀ ਕਾਰਨੀਵੋਰ ਸੈਕਸ਼ਨ ਦੇ ਤਿੰਨ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੌਰਾਨ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਕੋਵਿਡ-19 ਦੇ 3,397 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 2,24,200 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 12 ਵਿਅਕਤੀਆਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 523 ਹੋ ਗਈ ਹੈ।