ਬੀਜਿੰਗ, 8 ਨਵੰਬਰ-ਪੁਲਾੜ ਯਾਤਰੀ ਵੈਂਗ ਯੂਪਿੰਗ ਨੇ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਆਪਣੇ ਪੁਰਸ਼ ਸਹਿਯੋਗੀ ਜ਼ਾਈ ਜਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਤੋਂ ਬਾਹਰ ਨਿਕਲੀ ਅਤੇ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪੁਲਾੜ ਸਟੇਸ਼ਨ ਦੇ ਕੋਰ ਮੋਡਿਊਲ ਤਿਆਨ ਤੋਂ ਬਾਹਰ ਨਿਕਲੇ ਅਤੇ ਅੱਜ ਤੜਕੇ ਸਾਢੇ ਛੇ ਘੰਟੇ ਤੱਕ ਪੁਲਾੜ ਵਿੱਚ ਚੱਲੇ ਅਤੇ ਫਿਰ ਸਫਲਤਾਪੂਰਵਕ ਸਟੇਸ਼ਨ ਤੇ ਪਰਤ ਆਏ। ਚਾਈਨਾ ਮੇਂਡ ਸਪੇਸ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇੱਕ ਔਰਤ ਪੁਲਾੜ ਯਾਤਰੀ ਨੇ ਪੁਲਾੜ ਵਿੱਚ ਸੈਰ ਕੀਤੀ।
ਚੀਨ ਨੇ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨਿਆਂ ਲਈ ਸ਼ੇਨਜ਼ੂ-13 ਵਿੱਚ ਪੁਲਾੜ ਵਿੱਚ ਭੇਜਿਆ। ਇਨ੍ਹਾਂ ਨੂੰ ਦੇਸ਼ ਦੁਆਰਾ ਆਰਬਿਟਿੰਗ ਢਾਂਚੇ (ਸਪੇਸ ਸਟੇਸ਼ਨ) ਨੂੰ ਪੂਰਾ ਕਰਨ ਦੇ ਟੀਚੇ ਨਾਲ ਭੇਜਿਆ ਗਿਆ ਹੈ ਅਤੇ ਉਮੀਦ ਹੈ ਕਿ ਸਟੇਸ਼ਨ ਦੇ ਨਿਰਮਾਣ ਦਾ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ। ਸ਼ਾਨਡੋਂਗ ਸੂਬੇ ਦੀ ਵਸਨੀਕ ਅਤੇ ਇੱਕ ਪੰਜ ਸਾਲ ਦੀ ਬੱਚੀ ਦੀ ਮਾਂ, ਵੇਂਗ ਅਗਸਤ 1997 ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਏਅਰ ਫੋਰਸ ਵਿੱਚ ਸ਼ਾਮਲ ਹੋਈ।
ਮਈ 2010 ਵਿੱਚ ਪੀ. ਐੱਲ. ਏ. ਦੀ ਸਪੇਸ ਯੂਨਿਟ ਵਿੱਚ ਪੁਲਾੜ ਯਾਤਰੀਆਂ ਦੇ ਦੂਜੇ ਸਮੂਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਡਿਪਟੀ ਸਕੁਐਡਰਨ ਕਮਾਂਡਰ ਸੀ। ਉਹ ਪੁਲਾੜ ਵਿੱਚ ਜਾਣ ਵਾਲੀ ਦੂਜੀ ਚੀਨੀ ਔਰਤ ਹੈ। ਉਸ ਨੂੰ ਦਸੰਬਰ 2019 ਵਿੱਚ ਚੱਲ ਰਹੇ ਮਨੁੱਖ ਪੁਲਾੜ ਮਿਸ਼ਨ ਲਈ ਚੁਣਿਆ ਗਿਆ ਸੀ। ਜਦੋਂ ਵੈਂਗ ਅਤੇ ਝਾਈ ਅੱਜ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਦੀ ਤੀਜੀ ਸਹਿਯੋਗੀ ਯੇ ਗੁਆਂਗਫੂ ਉਨ੍ਹਾਂ ਨੂੰ ਮੋਡਿਊਲ ਦੇ ਅੰਦਰੋਂ ਮਹੱਤਵਪੂਰਣ ਸਹਾਇਤਾ ਪ੍ਰਦਾਨ ਕਰ ਰਹੀ ਸੀ।