ਅੰਮ੍ਰਿਤਸਰ27 ਅਕਤੂਬਰ 2021- ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਆਈਡੀਐਚ ਮਾਰਕੀਟ ਵਿੱਚ ਅੱਗ ਲੱਗ ਗਈ। ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਦੁਕਾਨ ਖਿਡੌਣਿਆਂ ਦੀ ਸੀ ਅਤੇ ਅੱਗ ਬੇਸਮੈਂਟ ਵਿੱਚ ਲੱਗੀ ਸੀ। ਪਲਾਸਟਿਕ ਦੀਆਂ ਚੀਜ਼ਾਂ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਆਈਡੀਐਚ ਮਾਰਕੀਟ ਦੇ ਚੌਕੀਦਾਰ ਨੇ ਸਵੇਰੇ 5 ਵਜੇ ਦੇ ਕਰੀਬ ਦੁਕਾਨ ਨੰਬਰ 50 ‘ਤੇ ਗੁਲਾਟੀ ਟੌਇਸ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਕਰੀਬ 15 ਮਿੰਟਾਂ ਵਿੱਚ ਫਾਇਰ ਬ੍ਰਿਗੇਡ ਅਤੇ ਸੇਵਾ ਕਮੇਟੀ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਮੌਕੇ ‘ਤੇ ਪਹੁੰਚੇ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਦੁਕਾਨ ਕਾਫੀ ਲੰਬੀ ਸੀ ਅਤੇ ਦੁਕਾਨ ਅੰਦਰ ਪਲਾਸਟਿਕ ਦੇ ਖਿਡੌਣੇ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਗੱਡੀਆਂ ਅਤੇ ਕਰੀਬ ਦੋ ਘੰਟੇ ਲੱਗੇ। ਸਵੇਰੇ ਦੁਕਾਨ ਬੰਦ ਸੀ। ਫਿਲਹਾਲ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਫਾਇਰ ਬ੍ਰਿਗੇਡ ਕਰਮਚਾਰੀਆਂ ਉੱਤੇ ਡਿੱਗੀ ਛੱਤ
ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਦੁਕਾਨ ਦੀ ਲੰਬਾਈ ਅਤੇ ਚੌੜਾਈ ਘੱਟ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗਰਮੀ ਕਾਰਨ ਪੀਓਪੀ ਦੀ ਬਣੀ ਛੱਤ ਵੀ ਫਾਇਰ ਬ੍ਰਿਗੇਡ ਕਰਮਚਾਰੀਆਂ ‘ਤੇ ਡਿੱਗ ਪਈ। ਦੋ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।