ਖਰੜ, 27 ਅਕਤੂਬਰ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਹੋਈ ਇੰਟਰਨੈਸ਼ਨਲ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2021 ਵਿੱਚ ਖਰੜ ਦੀਆਂ ਦੋ ਲੜਕੀਆਂ ਰਣਜੋਤ ਕੋਰ ਅਤੇ ਸਾਧਵੀ ਸ਼ਰਮਾ ਨੇ ਗੋਲਡ ਮੈਡਲ ਜਿਤੇ ਹਨ। ਦੋਵਾਂ ਲੜਕੀਆਂ ਦੇ ਸੋਨ ਤਗਮਾ ਜਿੱਤਣ ਤੋਂ ਬਾਅਦ ਖਰੜ ਪਹੁੰਚਣ ਤੇ ਖਰੜ ਵਾਸੀਆਂ ਵਲੋਂ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਦੋਵਾਂ ਲੜਕੀਆਂ ਦੇ ਕੋਚ ਭੋਵਨ ਸਿੰਘ ਨੇ ਦੱਸਿਆ ਕਿ ਦੋਵੇਂ ਲੜਕੀਆਂ ਬਹੁਤ ਮਿਹਨਤੀ ਹਨ । ਉਨ੍ਹਾਂ ਦੱਸਿਆ ਕਿ ਰਣਜੋਤ ਕੌਰ ਦੇ ਸੱਟ ਲੱਗਣ ਦੇ ਬਾਵਜੂਦ ਵੀ ਉਸ ਨੇ ਇਹ ਚੈਂਪੀਅਨਸ਼ਿਪ ਜਿੱਤੀ।
ਇਸ ਮੌਕੇ ਰਣਜੋਤ ਕੌਰ ਦੇ ਪਿਤਾ ਨਰਿੰਦਰ ਸਿੰਘ ਰਿੰਕੀ ਨੇ ਕਿਹਾ ਕਿ ਉਹਨਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਧੀ ਨੇ ਪੰਜਾਬ ਅਤੇ ਖਰੜ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਰਣਜੋਤ ਕੌਰ ਦੇ ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜੋ ਉਹ ਖੁਦ ਨਹੀਂ ਕਰ ਸਕੇ, ਉਹਨਾਂ ਦੀ ਪੋਤੀ ਨੇ ਕਰ ਵਿਖਾਇਆ ਹੈ। ਉਹਨਾਂ ਕਿਹਾ ਕਿ ਰਣਜੋਤ ਕੌਰ ਵਰਗੀਆਂ ਧੀਆਂ ਘਰ ਘਰ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਸਾਧਵੀ ਸ਼ਰਮਾ ਦੇ ਪਿਤਾ ਅਨਿਲ ਕੁਮਾਰ ਨੇ ਕਿਹਾ ਕਿ ਉਹਨਾ ਦੀ ਧੀ ਨੇ ਸੋਨ ਤਗਮਾ ਜਿੱਤ ਕੇ ਉਹਨਾਂ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ।
ਇਸ ਮੌਕੇ ਖਰੜ ਨਗਰ ਕੌਂਸਲ ਦੇ ਸਮੂਹ ਕਾਂਗਰਸੀ ਕਂੌਸਲਰਾਂ ਨੇ ਰਣਜੋਤ ਕੌਰ ਅਤੇ ਸਾਧਵੀ ਸ਼ਰਮਾ ਨੂੰ ਸੋਨ ਤਗਮਾ ਜਿੱਤਣ ਤੇ ਵਧਾਈਆਂ ਦਿਤੀਆਂ।