ਬਠਿੰਡਾ,14ਅਕਤੂਬਰ2021: ‘ ਸੌਹਰਾ ਇਸ ਵਾਰ ਦੀਆਂ ਵਿਧਾਨ ਸਭਾ ਚੋਣ ਦੌਰਾਨ ਚੋਣ ਜਿੱਤ ਹਾਸਲ ਕਰ ਲਵੇ ਇਸ ਲਈ ਸਾਬਕਾ ਅਕਾਲੀ ਵਿਧਾਇਕ ਅਤੇ ਅਕਾਲੀ ਦਲ ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਨੂੰਹ ਗੁਰਰੀਤ ਸਿੰਗਲਾ ਨੇ ਅਗੇਤਿਆਂ ਹੀ ਮੋਰਚਾ ਸੰਭਾਲ ਲਿਆ ਹੈ। ਹਾਲਾਂਕਿ ਚੋਣਾਂ ਫਿਲਹਾਲ ਦੂਰ ਹਨ ਫਿਰ ਵੀ ਇਸ ਵਾਰ ਮੁਕਾਬਲਾ ਸਖਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਨੂੰਹ ਰਾਣੀ ਨੇ ਵੋਟਰਾਂ ਨਾਲ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਜਨ ਸੰਪਰਕ ਮੁਹਿੰਮ ਦਾ ਨਾਮ ਦਿੱਤਾ ਗਿਆ ਹੈ। ਗੁਰਰੀਤ ਸਿੰਗਲਾ ਨੇ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰ ਅਤੇ ਵਰਕਰਾਂ ਦੇ ਨਾਲ ਘਰ ਘਰ ਜਾ ਕੇ ਲੋਕਾਂ ਤੋਂ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਸ਼ਹਿਰੀ ਹਲਕੇ ਦੀਆਂ ਵੋਟਰਾਂ ਨੂੰ ਗੱਠਜੋੜ ਸਰਕਾਰ ਆਉਣ ਤੇ ਲਾਗੂ ਕੀਤੇ ਜਾਣ ਵਾਲੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਵੀ ਦੱਸਿਆ।
ਕਈ ਥਾਵਾਂ ਤੇ ਸ਼ਹਿਰ ਵਾਸੀਆਂ ਨੇ ਗੁਰਰੀਤ ਸਿੰਗਲਾ ਦਾ ਸਵਾਗਤ ਕੀਤਾ । ਗੁਰਰੀਤ ਸਿੰਗਲਾ ਦਾ ਕਹਿਣਾ ਸੀ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸੋਚ ਲੋਕਾਂ ਦੀ ਸੇਵਾ ਹੈ ਜਿਸ ਤੇ ਪਹਿਰਾ ਦਿੰਦਿਆਂ ਪੂਰਾ ਪਰਿਵਾਰ ਹਮੇਸ਼ਾ ਨਿਡਰਤਾ ਨਾਲ ਹਾਜ਼ਰ ਰਹੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਆਉਣ ’ਤੇ ਸ਼ਹਿਰ ਦੀ ਖੁਸ਼ਹਾਲੀ, ਤਰੱਕੀ, ਪੰਜਾਬ ਦੇ ਭਲੇ ਅਤੇ ਹਰ ਵਰਗ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ 13 ਨੁਕਾਤੀ ਪ੍ਰੋਗਰਾਮ ਤਹਿਤ ਆਈਲੈਟਸ ਲਈ ਨੌਜਵਾਨਾਂ ਨੂੰ ਸਰਕਾਰ ਦੀ ਗਾਰੰਟੀ ਤੇ ਕਰਜ਼ਾ, ਲੜਕੀਆਂ ਨੂੰ ਬਰਾਬਰਤਾ ਦੇ ਅਧਾਰ ’ਤੇ ਨੌਕਰੀਆਂ,ਮਹਿਲਾਵਾਂ ਲਈ ਸਵੈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਅਤੇ ਸਿਹਤ ਸਹੂਲਤਾਂ ਸਬੰਧੀ ਵੱਡੇ ਯਤਨਾਂ ਸਮੇਤ ਕਿ 13 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਏਗਾ ਜੋ ਪੰਜਾਬ ਦੀ ਤਕਦੀਰ ਬਦਲਣ ਵਿੱਚ ਸਹਾਈ ਸਿੱਧ ਹੋਵੇਗਾ।
ਗੁਰਰੀਤ ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਦੀ ਸੋਚ ਪੰਜਾਬ ਦੀ ਖੁਸ਼ਹਾਲੀ ਹੈ ਅਤੇ ਅਕਾਲੀ ਸਰਕਾਰ ਵੇਲੇ ਹੀ ਪੰਜਾਬ ਦੀ ਤਰੱਕੀ ਹੋਈ ਹੈ, ਜਿਸ ਕਰਕੇ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਜਨਸੰਪਰਕ ਮੁਹਿੰਮ ਤਹਿਤ ਪਹੁੰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਬਲਕਿ ਅੱਜ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ, ਬਿਜਲੀ ਕੱਟਾਂ ਕਰਕੇ ਹਾਹਾਕਾਰ ਮੱਚੀ ਹੋਈ ਹੈ, ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਨਾ ਹੋਣ ਕਰਕੇ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਅਤੇ ਨਸ਼ਿਆਂ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਮਝਾਇਆ ਕਿ ਅਜਿਹੇ ਹਾਲਾਤਾਂ ਦੌਰਾਨ ਅਕਾਲੀ ਦਲ ਦੀ ਸਰਕਾਰ ਜਰੂਰੀ ਹੈ । ਇਸ ਮੌਕੇ ਇਸਤਰੀ ਵਿੰਗ ਦੀ ਸ਼ਹਿਰੀ ਪ੍ਰਧਾਨ ਬਲਵਿੰਦਰ ਕੌਰ, ਪ੍ਰੀਤਮ ਕੌਰ ਸਾਬਕਾ ਕੌਂਸਲਰ, ਸਵਰਨ ਕੌਰ, ਕਮਲਜੀਤ ਕੌਰ, ਪ੍ਰੀਤੀ ਵਰਮਾ, ਪੁਸ਼ਪਾ ਰਾਣੀ ਅਤੇ ਗੁਰਬਚਨ ਕੌਰ ਆਦਿ ਹਾਜ਼ਰ ਸਨ।