ਚੰਡੀਗੜ੍ਹ, 14 ਅਕਤੂਬਰ 2021 – ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਅੰਤਰਰਾਜੀ ਬਾਸਮਤੀ ਮੂਵਮੈਂਟ ਪੋਰਟਲ emandikaran-pb.inਨੂੰ ਡਿਜੀਟਲ ਤੌਰ ‘ਤੇ ਜਾਰੀ ਕੀਤਾ ਤਾਂ ਜੋ ਦੂਜੇ ਸੂਬਿਆਂ ਤੋਂ ਝੋਨੇ-ਪਰਮਲ ਦੀ ਆਮਦ ਨੂੰ ਰੋਕਿਆ ਜਾ ਸਕੇ ਜਿਸ ਨਾਲ ਸੂਬੇ ਭਰ ਵਿੱਚ ਘੱਟੋ ਘੱਟ ਸਮਰਥਨ ਮੁੱਲ `ਤੇ ਖਰੀਦ ਕਾਰਜਾਂ ਢਾਹ ਲੱਘ ਰਹੀ ਹੈ।
ਇਸ ਕਦਮ ਦਾ ਉਦੇਸ਼ ਸੂਬੇ ਵਿੱਚ ਬਾਸਮਤੀ ਦੀ ਨਿਰਵਿਘਨ ਆਵਾਜਾਈ ਦੀ ਆਗਿਆ ਦੇਣਾ ਅਤੇ ਬਾਸਮਤੀ ਸ਼ੈਲਰ ਵਾਲਿਆਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨਾ ਹੈ।ਇਸ ਤੋਂ ਇਲਾਵਾ ਇਸ ਪੋਰਟਲ ਦਾ ਮਨੋਰਥ ਅਸਲ ਟਰੱਕ ਅਪਰੇਟਰਾਂ ਦੇ ਰੋਜ਼ਾਨਾਂ ਕੰਮ ਕਾਜ ਬਿਨਾਂ ਪ੍ਰਭਾਵਿਤ ਕੀਤਿਆਂ ਬਾਸਮਤੀ ਟਰੱਕਾਂ ਦੀ ਜੀ.ਪੀ.ਐਸ ਰਾਹੀਂ ਨਿਗਾਰਨੀ ਰੱਖਣਾ ਹੈ।
ਇਸ ਪੋਰਟਲ ‘ਤੇ ਸੂਬੇ ਵਿੱਚ ਬਾਸਮਤੀ ਟਰੱਕਾਂ ਦੀ ਜੀ.ਪੀ.ਐਸ ਅਧਾਰਿਤ ਆਵਾਜਾਈ ਵੇਖੀ ਜਾ ਸਕੇਗੀ। ਰੂਟ ਤੋਂ ਪਰ੍ਹੇ ਜਾਣ ਦੀ ਰੀਅਲ ਟਾਈਮ ਮੋਨੀਟਰਿੰਗ ਅਸਾਨੀ ਨਾਲ ਕੀਤੀ ਜਾ ਸਕੇਗੀ ਅਤੇ ਪੋਰਟਲ/ਐਪ ‘ਤੇ ਇਹ ਜਾਣਕਾਰੀ ਵਿਲੱਖਣ ਲਾਗਇਨ ਆਈਡੀ/ਪਾਸਵਰਡ ਰਾਹੀਂ ਦੇਖੀ ਜਾ ਸਕੇਗੀ। ਅਧਿਕਾਰੀ ਮੁਹੱਈਆ ਕਰਵਾਏ ਗਏ ਇਸ ਵਿਸ਼ੇਸ਼ ਲੌਗਇਨ ਆਈਡੀ ਨਾਲ ਮਿੱਲਾਂ ਦੀ ਜਾਂਚ/ਨਿਗਰਾਨੀ ਕਰ ਸਕਣਗੇ।
ਸੂਬੇ ਭਰ ਦੇ ਸ਼ੈਲਰ ਅਤੇ ਆੜ੍ਹਤੀਆ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਭੂਮਿਕਾ ਬਹੁਤ ਅਹਿਮ ਹੈ ਕਿਉਂਕਿ ਉਹ ਖੇਤੀ ਨਾਲ ਨੇੜਿਓਂ ਜੁੜੇ ਹੋਏ ਹਨ।
ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨੂੰ ਸਰਕਾਰ ਵੱਲੋਂ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਪਜ ਨੂੰ ਬਾਜ਼ਾਰ ਵਿੱਚ ਲਿਆਉਣ ਤੋਂ ਪਹਿਲਾਂ ਨਮੀ ਦੀ ਨਿਰਧਾਰਤ ਸੀਮਾ ਦੀ ਜਾਂਚ ਅਤੇ ਨਿਰਧਾਰਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।
ਮੌਜੂਦਾ ਖਰੀਦ ਸੀਜ਼ਨ ਦੌਰਾਨ ਸਹਿਯੋਗ ਦੇਣ ਲਈ ਐਸੋਸੀਏਸ਼ਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੇਬਰ ਇੰਸਪੈਕਟਰਾਂ ਵੱਲੋਂ ਸ਼ੈਲਰ ਮਾਲਕਾਂ ਨੂੰ ਬੇਲੋੜੀ ਪਰੇਸ਼ਾਨੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਮੇਰੇ ਤੱਕ ਪਹੁੰਚ ਕੀਤੀ ਜਾਵੇ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਬਕਾਏ ਸਟਾਕ ਬਾਰੇ ਜਾਣਕਾਰੀ ਸ਼ਾਝੀ ਕਰਨ ਲਈ ਵੀ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਵਿਜੀਲੈਂਸ ਦੇ ਕੇਸਾਂ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਮੰਤਰੀ ਨੇ ਐਸੋਸੀਏਸ਼ਨਾਂ ਵੱਲੋਂ ਸੋਲਰ ਊਰਜਾ ਦੀ ਵਰਤੋਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੰਗਾਂ ‘ਤੇ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਐਮਡੀ ਪੀਐਸਪੀਸੀਐਲ ਏ.ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਮੌਜੂਦ ਸਨ।