October 22, 2021-ਲਾਸ ਏਂਜਲਸ, 22 ਅਕਤੂਬਰ-ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸੀਕੋ ਵਿੱਚ ਇੱਕ ਫ਼ਿਲਮ ਦੇ ਸੈੱਟ ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਮੌਕੇ ਤੇ ਹੀ ਇੱਕ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ, ਜਦਕਿ ਫ਼ਿਲਮ ਨਿਰਦੇਸ਼ਕ ਜ਼ਖ਼ਮੀ ਹੋ ਗਏ।
ਇਹ ਘਟਨਾ ਦੱਖਣ-ਪੱਛਮੀ ਅਮਰੀਕੀ ਸੂਬੇ ਵਿੱਚ ‘ਰਸਟ’ ਫ਼ਿਲਮ ਦੇ ਸੈੱਟ ਤੇ ਵਾਪਰੀ, ਜਿਥੇ ਬਾਲਡਵਿਨ 19ਵੀਂ ਸਦੀ ਦੇ ਇੱਕ ਕਿਰਦਾਰ ਦੀ ਮੁੱਖ ਭੂਮਿਕਾ ਨਿਭਾਅ ਰਹੇ ਸਨ। ਸਾਂਤਾ ਫੇ ਵਿੱਚ ਸ਼ੈਰਿਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੇਲੀਨਾ ਹਚਿਨਸ ਤੇ ਜੋਏਲ ਸੂਜ਼ਾ ਨੂੰ ਉਸ ਸਮੇਂ ਗੋਲੀ ਲੱਗੀ, ਜਦੋਂ ਐਲੇਕ ਬਾਲਡਵਿਨ ਇੱਕ ਬੰਦੂਕ ਨੂੰ ਹੱਥ ਵਿੱਚ ਫੜ ਕੇ ਦੇਖ ਰਹੇ ਸਨ।
ਇਸ ਹਾਦਸੇ ਤੋਂ ਬਾਅਦ 42 ਸਾਲਾ ਹਚਿਨਸ ਨੂੰ ਹੈਲੀਕਾਪਟਰ ਤੋਂ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ, ਉਨ੍ਹਾਂ ਦੀ ਮੌਤ ਹੋ ਗਈ, ਜਦਕਿ 48 ਸਾਲਾ ਸੂਜ਼ਾ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ ਪਰ ਅਦਾਕਾਰ ਤੇ ਕੋਈ ਦੋਸ਼ ਦਰਜ ਨਹੀਂ ਕੀਤਾ ਗਿਆ ਹੈ।
ਘਟਨਾ ਬੋਨਾਂਨਜ਼ਾ ਕ੍ਰੀਕ ਰੇਂਚ ਵਿੱਚ ਵਾਪਰੀ, ਜੋ ਸਾਂਤਾ ਫੇ ਦੇ ਕੋਲ ਇੱਕ ਪ੍ਰੋਡਕਸ਼ਨ ਲੋਕੇਸ਼ਨ ਹੈ ਤੇ ਹਾਲੀਵੁੱਡ ਫ਼ਿਲਮ ਨਿਰਮਾਤਾਵਾਂ ਦੀ ਮਨਪਸੰਦ ਲੋਕੇਸ਼ਨ ਹੈ। ਫ਼ਿਲਮ ਦੇ ਸੈੱਟ ਤੇ ਆਮ ਤੌਰ ਤੇ ਪ੍ਰੋਪ ਹਥਿਆਰਾਂ ਦੀ ਵਰਤੋਂ ਤੇ ਸਖ਼ਤ ਨਿਯਮ ਹੁੰਦੇ ਹਨ ਪਰ ਇਸ ਦੇ ਬਾਵਜੂਦ ਇਹ ਘਟਨਾ ਵਾਪਰੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਭ ਤੋਂ ਮਸ਼ਹੂਰ ਮਾਰਸ਼ਲ ਆਰਟ ਦੇ ਦਿੱਗਜ ਬਰੂਸ ਲੀ ਦੇ ਬੇਟੇ ਬ੍ਰੈਂਡਨ ਲੀ ਦੀ ‘ਦਿ ਕ੍ਰੋ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।