ਨਵੀਂ ਦਿੱਲੀ, 14 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼ਿਲਾਂਗ ਪਹੁੰਚੇ ਅਕਾਲੀ ਦਲ ਦੇ ਉਚ ਤਾਕਤੀ ਵਫਦ ਵੱਲੋਂ ਮੇਘਾਲਿਆ ਵਿਚ ਪੰਜਾਬੀ ਲੇਨ ਵਿਚੋਂ ਸਿੱਖ ਪਰਿਵਾਰਾਂ ਦੇ ਉਜਾੜੇ ਦੇ ਮਾਮਲੇ ‘ਤੇ ਸੂਬੇ ਦੇ ਰਾਜਾਪਾਲ ਸਤਿਆ ਪਾਲ ਮਲਿਕ ਨਾਲ ਮੁਲਾਕਾਤ ਕੀਤੀ ਗਈ।
ਇਸ ਮੀਟਿੰਗ ਦੌਰਾਨ ਸਿਰਸਾ ਨੇ ਰਾਜਪਾਲ ਮਲਿਕ ਨੁੰ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਤੇ ਇਸ ਮਾਮਲੇ ਵਿਚ ਅਦਾਲਤ ਵੱਲੋਂ ਲਗਾਈ ਸਟੇਅ ਤੇ ਸੁਣਾਏ ਫੈਸਲੇ ਤੋਂ ਵੀ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ਇਹਨਾਂ ਸਿੱਖ ਪਰਿਵਾਰਾਂ ਨੁੰ ਇਥੋਂ ਕੋਈ ਨਹੀਂ ਉਜਾੜ ਸਕਦਾ।
ਰਾਜਪਾਲ ਸਤਿਆ ਪਾਲ ਮਲਿਕ ਨੇ ਵਫਦ ਦੀ ਗੱਲ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦੁਆਇਆ ਕਿ ਅਦਾਲਤ ਦਾ ਫੈਸਲਾ ਇੰਨ ਬਿਨ ਲਾਗੂ ਕੀਤਾ ਜਾਵੇਗਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਸਿੱਖਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ।
ਮੀਟਿੰਗ ਮਗਰੋਂ ਸਿਰਸਾ ਨੇ ਦੱਸਿਆ ਕਿ ਰਾਜਪਾਲ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਕੋਨਾਰਡ ਸੰਗਮਾ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ 28 ਅਕਤੂਬਰ ਤੋਂ ਬਾਅਦ ਸਾਡੇ ਨਾਲ ਮੁਲਾਕਾਤ ਵੀ ਕਰਨਗੇ ਤੇ ਸਾਰਾ ਮਾਮਲਾ ਵੀ ਸਮਝਣਗੇ।
ਉਹਨਾਂ ਦੱਸਿਆ ਕਿ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਜਦੋਂ ਜ਼ਮੀਨ ਇਥੋਂ ਦੇ ਮੁੱਖ ਮੰਤਰੀ ਨੇ ਇਹਨਾਂ ਨੂੰ ਦਿੱਤੀ ਹੈ ਤਾਂ ਇਹ ਵਾਪਸ ਨਹੀਂ ਲਈ ਜਾ ਸਕਦੀ। ਉਹਨਾਂ ਕਿਹਾ ਕਿ ਜਦੋਂ ਤੱਕ ਉਹ ਮੇਘਾਲਿਆ ਦੇ ਰਾਜਪਾਲ ਹਨ, ਉਦੋਂ ਤੱਕ ਉਹ ਸੂਬੇ ਵਿਚ ਕੋਈ ਵੀ ਫੈਸਲਾ ਗੈਰ ਕਾਨੁੰਨੀ ਤਰੀਕੇ ਨਾਲ ਨਹੀਂ ਹੋਣ ਦੇਣਗੇ।
ਸਿਰਸਾ ਨੇ ਦੱਸਿਆ ਕਿ ਸਿਲਾਂਗ ਦੇ ਸਿੱਖਾਂ ਦੇ ਮਸਲੇ ਦਿੱਲੀ ਕਮੇਟੀ ਨਜਿੱਠ ਰਹੀ ਸੀ ਤੇ ਇਹ ਪਰਿਵਾਰ ਜਿਥੇ ਸੀ, ਉਥੇ ਹੀ ਰਹਿਣਗੇ, ਇਹਨਾਂ ਨੂੰ ਕੋਈ ਉਜਾੜ ਨਹੀਂ ਸਕਦਾ। ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਦਾ ਪੱਕਾ ਹੱਲ ਕੋਰਟ ਰਾਹੀਂ ਹੀ ਨਿਕਲੇਗਾ। ਉਹਨਾਂ ਕਿਹਾ ਕਿ ਅਦਾਲਤ ਨੇ ਇਹ ਵੀ ਤੈਅ ਕੀਤਾ ਹੋਇਆ ਹੈ ਕਿ ਇਹ ਮਸਲਾ ਕਿਵੇਂ ਹੱਲ ਹੋਵੇਗਾ।
ਉਹਨਾਂ ਕਿਹਾ ਕਿ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸਾਨੂੰ ਪੱਕੀ ਤਸੱਲੀ ਹੈ ਕਿ ਹੁਣ ਸਿੱਖਾਂ ਨੁੰ ਉਜਾੜਨ ਦਾ ਕੋਈ ਵੀ ਫੈਸਲਾ ਸਰਕਾਰ ਲਾਗੂ ਨਹੀਂ ਕਰੇਗੀ। ਉਹਨਾਂ ਨੇ ਦੇਸ਼ ਅਤੇ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ ਇਹਨਾਂ 350 ਸਿੱਖ ਪਰਿਵਾਰਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ।