ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਸਗੋਂ ਕੋਰੋਨਾ ਵਾਇਰਸ ਨਾਲ ਮਿਲ ਕੇ ਨਜਿੱਠਣ ਦਾ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਦਾ ਕੇਂਦਰ ਵਲੋਂ ਅਚਾਨਕ ਤਬਾਦਲਾ ਕਰਨ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਟਵੀਟ ਕੀਤਾ ਕਿ ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ ਹੈ, ਸਾਰਿਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਲੜਨ ਦਾ ਹੈ। ਇਹ ਸਮਾਂ ਸੂਬਾ ਸਰਕਾਰਾਂ ਦੀ ਮਦਦ ਕਰਨ ਦਾ ਹੈ, ਉਨ੍ਹਾਂ ਨੂੰ ਟੀਕੇ ਉਪਲੱਬਧ ਕਰਵਾਉਣ ਦਾ ਹੈ। ਇਹ ਸਾਰੀਆਂ ਸੂਬਾ ਸਰਕਾਰਾਂ ਨੂੰ ਨਾਲ ਲੈ ਕੇ ਟੀਮ ਇੰਡੀਆ ਬਣ ਕੇ ਕੰਮ ਕਰਨ ਦਾ ਸਮਾਂ ਹੈ। ਲੜਾਈ-ਝਗੜੇ ਅਤੇ ਰਾਜਨੀਤੀ ਕਰਨ ਲਈ ਪੂਰੀ ਜ਼ਿੰਦਗੀ ਪਈ ਹੈ।ਉਨ੍ਹਾਂ ਨੇ ਇਕ ਖ਼ਬਰ ਵੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਸੀ ਕਿ ਚੱਕਰਵਾਤ ਅਤੇ ਕੋਵਿਡ-19 ਕਾਰਨ ਬੰਦੋਪਾਧਿਆਏ ਬਤੌਰ ਮੁੱਖ ਸਕੱਤਰ ਆਪਣੀਆਂ ਸੇਵਾਵਾਂ ਜਾਰੀ ਰੱਖ ਸਕਦੇ ਹਨ। ਜਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਸੇਵਾ ਵਿਸਥਾਰ ਦਿੱਤੇ ਜਾਣ ਦੇ ਸਿਰਫ਼ 4 ਦਿਨਾਂ ਬਾਅਦ ਕੇਂਦਰ ਨੇ ਉਨ੍ਹਾਂ ਦੀਆਂ ਸੇਵਾਵਾਂ ਮੰਗੀਆਂ ਅਤੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਅਧਿਕਾਰੀ ਨੂੰ ਤੁਰੰਤ ਕਾਰਜ ਮੁਕਤ ਕਰਨ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਇਸ ਕਦਮ ਨੂੰ ਜ਼ਬਰੀ ਪ੍ਰਤੀਨਿਯੁਕਤੀ ਕਰਾਰ ਦਿੱਤਾ ਹੈ।ਪੱਛਮੀ ਬੰਗਾਲ ਕਾਡਰ ਦੇ 1987 ਬੈਚ ਦੇ ਆਈ.ਏ.ਐੱਸ ਅਧਿਕਾਰੀ ਬੰਦੋਪਾਧਿਆਏ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅੱਜ ਸੇਵਾਮੁਕਤ ਹੋਣ ਵਾਲੇ ਸਨ। ਹਾਲਾਂਕਿ ਕੇਂਦਰ ਤੋਂ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ 3 ਮਹੀਨਿਆਂ ਦੀ ਸੇਵਾ ਵਿਸਥਾਰ ਦਿੱਤਾ ਗਿਆ ਸੀ। ਕੇਂਦਰ ਨੇ ਬੰਦੋਪਾਧਿਆਏ ਨੂੰ ਦਿੱਲੀ ਬੁਲਾਉਣ ਦਾ ਆਦੇਸ਼ ਚੱਕਰਵਾਤੀ ਤੂਫਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੀਟਿੰਗ ਨੂੰ ਮੁੱਖ ਮੰਤਰੀ ਵੱਲੋਂ ਸਿਰਫ਼ 15 ਮਿੰਟਾਂ ਵਿੱਚ ਨਜਿੱਠਣ ਨਾਲ ਪੈਦਾ ਵਿਵਾਦ ਦੇ ਕੁਝ ਘੰਟਿਆਂ ਬਾਅਦ ਦਿੱਤਾ।