ਗੁਰਦਾਸਪੁਰ, 13 ਅਕਤੂਬਰ 2021 – ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਬਟਾਲਾ ਦੇ ਪਿੰਡ ਚੱਠਾ ਸੀੜਾ ਵਾਸੀ ਨਾਇਕ ਮਨਦੀਪ ਸਿੰਘ ਦੀ ਪਵਿੱਤਰ ਦੇਹ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਪਹੁੰਚਾ ਦਿੱਤੀ ਗਈ । ਜਿੱਥੇ ਪੂਰੇ ਸਰਕਾਰੀ ਸਨਮਾਨਾਂ ਅਤੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਦੇ ਨਾਲ ਨਾਲ ਬਾਕੀ ਇਲਾਕਿਆਂ ਦੇ ਲੋਕਾਂ ਵੱਲੋਂ ਭਾਰੀ ਤਾਦਾਦ ਵਿੱਚ ਸ਼ਿਰਕਤ ਕੀਤੀ ਗਈ ਅਤੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਹੀਦ ਦੇ ਪਰਿਵਾਰ ਕੋਲ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬਾਜਵਾ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ ਅਤੇ ਨਾਲ ਹੀ ਪਿੰਡ ਵਿੱਚ ਸ਼ਹੀਦ ਦੇ ਨਾਮ ਵਾਲਾ ਇੱਕ ਗੇਟ ਵੀ ਸਥਾਪਿਤ ਕੀਤਾ ਜਾਵੇਗਾ।
ਉੱਥੇ ਦੂਜੇ ਪਾਸੇ ਸ਼ਹੀਦ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸ਼ਹਾਦਤ ਤੇ ਮਾਣ ਹੈ ਅਤੇ ਭਾਵੇਂ ਉਸ ਦੀ ਕਮੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕ ਪੁੱਤਰ ਮਨਤਾਜ ਸਿੰਘ 4 ਸਾਲ ਦਾ ਹੈ ਅਤੇ ਦੂਸਰਾ ਪੁੱਤਰ ਗੁਰਕੀਰਤ ਸਿੰਘ ਸਿਰਫ਼ 39 ਦਿਨਾਂ ਦਾ ਹੈ ਨੂੰ ਵੀ ਫ਼ੌਜ ਵਿੱਚ ਆਪਣੇ ਦੇਸ਼ ਦੀ ਸੇਵਾ ਲਈ ਭੇਜੇਗੀ।