ਹੁਸ਼ਿਆਰਪੁਰ, 13 ਅਕਤੂਬਰ 2021 – ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਲੋਂ ਝੋਨੇ ਦੀ ਪਰਾਲੀ ਦੇ ਸੁਚਾਰੂ ਪ੍ਰਬੰਧਨ ਸਬੰਧੀ ਵੱਖ-ਵੱਖ ਪ੍ਰਸਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ’ਚ ਕ੍ਰਿਸ਼ੀ ਤੇ ਕਿਸਾਨ ਭਲਾਈ ਵਿਭਾਗ ਟਾਂਡਾ ਦੇ ਸਹਿਯੋਗ ਨਾਲ ਪਿੰਡ ਫਿਰੋਜ ਰੌਲੀਆਂ ’ਚ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਦੱਸਿਆ ਅਤੇ ਪਰਾਲੀ ਵਿਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਅਤੇ ਉਪਲਬੱਧ ਮਸ਼ੀਨਰੀ ਤੇ ਤਕਨੀਕ ਰਾਹੀਂ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਉਪਲਬੱਧ ਮਸ਼ੀਨਰੀ ਸੁਪਰ ਐਸ.ਐਮ.ਐਸ., ਸੁਪਰ ਸੀਡਰ, ਮਲਚਰ, ਜ਼ੀਰੋ ਡਰਿੱਲ, ਕਟਰ ਦਾ ਪ੍ਰਯੋਗ ਸਬੰਧੀ ਤਕਨੀਕੀ ਨੁਕਸੇ ਸਾਂਝੇ ਕੀਤੇ। ਉਨ੍ਹਾਂ ਝੋਨੇ ਦੀ ਪਰਾਲੀ ਦਾ ਮਸ਼ਰੂਮ ਉਤਪਾਦਨ, ਊਰਜਾ, ਮਲਚ ਤੇ ਗੋਬਰ ਗੈਸ ਪਲਾਟ ਵਿਚ ਪ੍ਰੋਯੋਗ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਹਾੜੀ ਦੀਆਂ ਮੁੱਖ ਫ਼ਸਲਾਂ ਦੀ ਕਾਸ਼ਤ ਬਾਰੇ ਚਾਨਣਾ ਪਾਇਆ।
ਟਾਂਡਾ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਬਲਾਕ ਵਿਚ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬੈਂਕਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦਾ ਪ੍ਰਯੋਗ ਸਾਂਝੇ ਤੌਰ ’ਤੇ ਕਰਨ ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ’ਤੇ ਉਪਲਬੱਧ ਵੀ ਕਰਵਾਈ ਜਾ ਰਹੀ ਹੈ।
ਕੇਂਦਰ ਦੇ ਪਸ਼ੂ ਵਿਗਿਆਨ ਮਾਹਰ ਡਾ. ਕੰਵਰਪਾਲ ਸਿੰਘ ਢਿੱਲੋਂ ਨੇ ਝੋਨੇ ਦੀ ਪਰਾਲੀ ਦਾ ਪਸ਼ੂ ਖੁਰਾਕ ਦੇ ਤੌਰ ’ਤੇ ਪ੍ਰਯੋਗ ਅਤੇ ਦੁਧਾਰੂ ਪਸ਼ੂਆਂ ਦੀ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਖੇਤੀ ਵਿਕਾਸ ਅਫ਼ਸਰ ਟਾਂਡਾ ਡਾ. ਹਰਪ੍ਰੀਤ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਖੇਤੀ ਸਿਫਾਰਸ਼ਾਂ ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਪਰਾਲੀ ਪ੍ਰਬੰਧਨ ਕਰਨ ਵਾਲੇ ਪਿੰਡ ਫਿਰੋਜ ਰੌਲੀਆਂ ਦੇ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਨੇ ਆਪਣੇ ਸਫ਼ਲ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ।
ਕੈਂਪ ਵਿਚ ਪਿੰਡ ਫਿਰੋਜ ਰੌਲੀਆਂ ਦੇ ਜਸਵੀਰ ਸਿੰਘ, ਰਵਿੰਦਰ ਸਿੰਘ, ਪਰਮਬੀਰ ਸਿੰਘ ਜੱਜ, ਜੋਗਿੰਦਰ ਸਿੰਘ, ਬਲਬੀਰ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ, ਅਮਰੀਕ ਸਿੰਘ ਸਰਪੰਚ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਨਰਿੰਦਰ ਸਿੰਘ, ਪਿੰਡ ਸਹਿਬਾਜਪੁਰ ਤੋਂ ਦੀਦਾਰ ਸਿੰਘ, ਪਿੰਡ ਇਬਰਾਹਿਮਪੁਰ ਤੋਂ ਨੰਬਰਦਾਰ ਸੁਰਜੀਤ ਸਿੰਘ, ਪਿੰਡ ਰਾਣੀ ਪਿੰਡ ਤੋਂ ਗੁਰਮੰਤਰ ਸਿੰਘ ਨੰਬਰਦਾਰ, ਹਰਨੇਕ ਸਿੰਘ, ਪਿੰਡ ਮੁਨਣ ਤੋਂ ਰੁੜ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਸ਼ੰਕਿਆਂ ਬਾਰੇ ਵਿਚਾਰ ਚਰਚਾ ਕੀਤੀ।
ਇਸ ਮੌਕੇ ਕਿਸਾਨਾਂ ਦੀ ਸੁਵਿਧਾ ਲਈ ਗੋਭੀ ਸਰੋਂ, ਤਾਰਾਮੀਰਾ, ਪਿਆਜ ਦੇ ਬੀਜ, ਦਾਲਾਂ ਤੇ ਤੇਲਬੀਜ ਕਿੱਟਾਂ, ਸਬਜੀਆਂ ਦੀਆਂ ਕਿੱਟਾਂ, ਮਟਰਾਂ ਤੇ ਆਲੂ ਲਈ ਜੀਵਾਣੂ ਖਾਦ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ, ਪਸ਼ੂਆਂ ਲਈ ਬਾਈ ਪਾਸ ਫੈਟ ਅਤੇ ਖੇਤੀ ਸਾਹਿਤ ਵੀ ਉਪਲਬੱਧ ਕਰਵਾਇਆ ਗਿਆ।