ਮੁੰਬਈ, 2 ਸਤੰਬਰ – ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਹੈ। ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 40 ਸਾਲ ਦੇ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉਠ ਹੀ ਨਾ ਸਕੇ। ਹਸਪਤਾਲ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਜਿਕਰਯੋਗ ਹੈ ਕਿ ਟੀ. ਵੀ. ਇੰਡਸਟਰੀ ਦਾ ਵੱਡਾ ਨਾਮ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦਾ ਸੀਜ਼ਨ ਜਿੱਤਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ‘ਖਤਰੋਂ ਕੇ ਖਿਲਾੜੀ’ ਦਾ 7ਵਾਂ ਸੀਜ਼ਨ ਵੀ ਆਪਣੇ ਨਾਂ ਕੀਤਾ ਸੀ। ਸਿਧਾਰਥ ਸ਼ੁਕਲਾ ਨੇ ਬਹੁਚਰਚਿਤ ਸੀਰੀਅਲ ‘ਬਾਲਿਕਾ ਵਧੂ’ ਨਾਲਦੇਸ਼ ਦੇ ਘਰ-ਘਰ ਵਿੱਚ ਪਛਾਣ ਬਣਾਈ ਸੀ।
ਮੁੰਬਈ ਵਿੱਚ 12 ਦਸੰਬਰ 1980 ਨੂੰ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ ਤੇ ਕੀਤੀ ਸੀ। ਸਾਲ 2004 ਵਿੱਚ ਉਨ੍ਹਾਂ ਨੇ ਟੀ. ਵੀ. ਨਾਲ ਆਪਣਾ ਡੈਬਿਊ ਕੀਤਾ ਸੀ। ਸਾਲ 2008 ਵਿੱਚ ਉਹ ‘ਬਾਬੂਲ ਕਾ ਆਂਗਨ ਛੂਟੇ ਨਾ’ ਨਾਂ ਦੇ ਟੀ. ਵੀ. ਸੀਰੀਅਲ ਵਿੱਚ ਨਜ਼ਰ ਆਏ ਸਨ ਪਰ ਉਨ੍ਹਾਂ ਨੂੰ ਅਸਲ ਪਛਾਣ ‘ਬਾਲਿਕਾ ਵਧੂ’ ਸੀਰੀਅਲ ਨਾਲ ਮਿਲੀ ਸੀ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਇਆ ਸੀ।
ਟੀ. ਵੀ. ਇੰਡਸਟਰੀ ਵਿੱਚ ਸਫ਼ਲਤਾ ਤੋਂ ਬਾਅਦ ਸਿਧਾਰਥ ਨੇ ਬਾਲੀਵੁੱਡ ਵੱਲ ਰੁਖ ਕੀਤਾ। ਸਾਲ 2014 ਵਿੱਚ ਆਈ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਫ਼ਿਲਮ ਵਿੱਚ ਨਜ਼ਰ ਆਏ ਸਨ। ਇਸੇ ਸਾਲ (2021) ਉਨ੍ਹਾਂ ਦੀ ‘ਬ੍ਰੋਕਨ ਬਟ ਬਿਊਟੀਫੁੱਲ 3’ ਨਾਂ ਦੀ ਵੈਬ ਸੀਰੀਜ਼ ਆਈ ਸੀ, ਜਿਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ।
ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ ‘ਦਿਲ ਸੇ ਦਿਲ ਤਕ’ ਵਿੱਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ ਵਿੱਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 ਵਿੱਚ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਵਿੱਚ ਵੀ ਭਾਗ ਲਿਆ ਸੀ। ਇਸ ਸ਼ੋਅ ਦੇ ਇੱਕ ਜੱਜ ਕਰਨ ਜੋਹਰ ਸਨ ਜਿਹਨਾਂ ਨੇ ਸਿਧਾਰਥ ਦੇ ਲੁਕਸ ਤੋਂ ਇੰਪ੍ਰੈਸ ਹੋ ਕੇ ਉਸਨੂੰ ਆਪਣੀ ਫ਼ਿਲਮ ਵਿੱਚ ਲਿਆ ਸੀ।