ਐਸ ਏ ਐਸ ਨਗਰ, 30 ਅਗਸਤ = ਮੁਹਾਲੀ ਨਗਰ ਨਿਗਮ ਵਲੋਂ ਵਾਤਾਵਰਣ ਵਿੱਚ ਸ਼ੁੱਧਤਾ ਲਿਆਉਣ ਲਈ ਮੁਹਾਲੀ ਨੂੰ ਸਾਫ਼ ਸੁਥਰਾ ਅਤੇ ਹਰਾ ਭਰਾ ਰੱਖਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸੇ ਮੁਹਿੰਮ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ। ਇਹ ਗੱਲ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਸੈਕਟਰ 76 ਤੋਂ 80 ਵਿੱਚ ਬੂਟੇ ਲਗਾਉਣ ਦਾ ਕੰਮ ਆਰੰਭ ਕਰਨ ਮੌਕੇ ਆਖੀ। ਉਹਨਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਇਨ੍ਹਾਂ ਸੈਕਟਰਾਂ ਵਿੱਚ ਲਗਪਗ 1000 ਬੂਟੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੁਹਾਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੱਗੇ ਦਰੱਖਤਾਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਵੀ ਨਗਰ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਹਾਰਟੀਕਲਚਰ ਵਿਭਾਗ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਉਨ੍ਹਾਂ ਦੇ ਨਾਲ ਸਨ ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਿਹਤ ਤੋਂ ਉੱਪਰ ਹੋਰ ਕੁਝ ਨਹੀਂ ਹੈ ਅਤੇ ਇਸ ਵਾਸਤੇ ਜਰੂਰੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਦਰਖਤ ਲਗਾਈਏ। ਇਸ ਮੌਕੇ ਉਹਨਾਂ ਅਪੀਲ ਕੀਤੀ ਕਿ ਮੁਹਾਲੀ ਸ਼ਹਿਰ ਨੂੰ ਹਰਾ ਭਰਾ ਰੱਖਣ ਲਈ ਹਰ ਵਸਨੀਕ ਘੱਟੋ ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸਾਂਭ ਸੰਭਾਲ ਕਰੇ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦਰੱਖਤ ਲਗਾ ਕੇ ਹੀ ਗਲੋਬਲ ਵਾਰਮਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਇਸ ਸਮੇਂ ਦੀ ਲੋੜ ਹੈ ਕਿ ਧਰਤੀ ਨੂੰ ਬਚਾਉਣ ਵਾਸਤੇ ਹਰ ਵਿਅਕਤੀ ਆਪਣਾ ਯੋਗਦਾਨ ਪਾਵੇ।
ਇਸ ਮੌਕੇ ਇਨ੍ਹਾਂ ਇਲਾਕਿਆਂ ਦੇ ਨਗਰ ਨਿਗਮ ਦੇ ਐਸ ਈ ਸੰਜੇ ਕੁਮਾਰ, ਕੌਂਸਲਰ ਹਰਜੀਤ ਸਿੰਘ ਭੋਲੂ, ਸੁੱਚਾ ਸਿੰਘ ਕਲੌੜ ਅਤੇ ਕਮਲਪ੍ਰੀਤ ਸਿੰਘ ਬਨੀ, ਕਾਂਗਰਸੀ ਆਗੂ ਨਵਜੋਤ ਸਿੰਘ ਬਾਛਲ, ਕੈਪਟਨ ਜਸਬੀਰ ਸਿੰਘ, ਹੰਸਰਾਜ ਮਾਹੀ, ਅਮਿਤ ਮਹਾਜਨ, ਵਿਕਟਰ ਨਿਹੋਲਕਾ, ਮੈਡਮ ਕ੍ਰਿਸ਼ਨਾ ਮਿਤੁ, ਪ੍ਰਦੀਪ ਸੋਨੀ ਡੀ ਐਸ ਪੀ ਸਤਿੰਦਰ ਸਿੰਘ ਸਮੇਤ ਇਲਾਕੇ ਦੇ ਪਤਵੰਤੇ ਹਾਜਰ ਸਨ।