ਨਵੀਂ ਦਿੱਲੀ, 27 ਅਗਸਤ -ਕੋਰੋਨਾ ਵਾਇਰਸ ਇਨਫੈਕਸ਼ਨ ਦੇ ਦੌਰ ਵਿੱਚ ਗ਼ਰੀਬਾਂ ਤੇ ਬੇਸਹਾਰਾ ਲੋਕਾਂ ਲਈ ਮਸੀਹਾ ਬਣੇ ਅਦਾਕਾਰ ਸੋਨੂੰ ਸੂਦ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਸੋਨੂੰ ਸੂਦ ਦੀ ਇਹ ਮੁਲਾਕਾਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਸਵੇਰੇ 9 ਵਜੇ ਤੋਂ ਬਾਅਦ ਹੋਈ। ਇਸ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਕਿ ਅਦਾਕਾਰ ਸੋਨੂੰ ਸੂਦ ਦੇਸ਼ ਦੇ ਮੈਂਟਰਸ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣਨ ਲਈ ਸਹਿਮਤ ਹੋ ਗਏ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਦੇ ਨਾਲ ਲੰਬੀ ਗੱਲਬਾਤ ਹੋਈ। ਇਨ੍ਹਾਂ ਨੇ ਕੋਰੋਨਾ ਕਾਲ ਵਿੱਚ ਅਣਗਿਣਤ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦਾ ਮੈਂਟੋਰ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤੇ ਸੋਨੂੰ ਇਸ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਹੋਣਗੇ। ਇਸ ਪ੍ਰੋਗਰਾਮ ਜ਼ਰੀਏ ਉਹ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਭਵਿੱਖ ਬਾਰੇ ਗਾਈਡ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਪ੍ਰੋਗਰਾਮ ਦੀ ਲਾਂਚ ਸਤੰਬਰ ਦੇ ਮੱਧ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਦਿੱਲੀ ਸਰਕਾਰ ਇਕ ਫਿਲਮ ਪਾਲਿਸੀ ਵੀ ਲਿਆਉਣ ਜਾ ਰਹੀ ਹੈ ਜਿਸ ਬਾਰੇ ਉਹ ਸੋਨੂੰ ਨਾਲ ਵੀ ਚਰਚਾ ਕਰਨਗੇ।
ਸੋਨੂੰ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਕੋਸ਼ਿਸ਼ ਰਹੇਗੀ ਚੰਗੀ ਤਰ੍ਹਾਂ ਨਿਭਾਉਣ ਦੀ। ਜਦੋਂ ਵੀ ਸਕੂਲਾਂ ਤੇ ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਦਿੱਲੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਦੇਸ਼ ਦੇ ਮੈਂਟੋਰ ਪ੍ਰੋਗਰਾਮ ਦੇ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ, ਬੱਚਿਆਂ ਨੂੰ ਆਪਣੇ ਭਵਿੱਖ ਸਬੰਧੀ ਫ਼ੈਸਲੇ ਲੈਣ ਵਿੱਚ ਮਦਦ ਮਿਲੇਗੀ।
ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਫਿਲਮ ਪਾਲਿਸੀ ਦਾ ਅਧਿਐਨ ਕਰ ਕੇ ਦਿੱਲੀ ਸਰਕਾਰ ਆਪਣੇ ਲਈ ਨਵੀਂ ਫਿਲਮ ਪਾਲਿਸੀ ਬਣਾ ਰਹੀ ਹੈ। ਅਗਲੇ 10-15 ਦਿਨਾਂ ਵਿੱਚ ਇਹ ਤਿਆਰ ਹੋ ਜਾਵੇਗੀ। ਇਸ ਦੇ ਲਾਗੂ ਹੋਣ ਨਾਲ ਰਾਜਧਾਨੀ ਫਿਲਮ ਨਿਰਮਾਣ, ਸ਼ੂਟਿੰਗ ਤੇ ਇਸ ਨਾਲ ਸੰਬੰਧਤ ਕੰਮਾਂ ਲਈ ਸਭ ਤੋਂ ਪਸੰਦੀਦਾ ਥਾਂ ਬਣ ਜਾਵੇਗੀ।