ਲਖਨਊ, 27 ਅਗਸਤ- ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਤੇ ਸ਼ਰਾਬ ਮਾਫੀਆਵਾਂ ਦੇ ਪ੍ਰਤੀ ਨਰਮੀ ਵਰਤਣ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਦੀ ਲਚਰ ਨੀਤੀ ਦੇ ਨਤੀਜੇ ਵਜੋਂ ਪ੍ਰਦੇਸ਼ ਵਿੱਚ ਇਸ ਸਾਲ ਜ਼ਹਿਰੀਲੀ ਸ਼ਰਾਬ ਨਾਲ ਕਰੀਬ 200 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਆਗਰਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ 13 ਮੌਤਾਂ ਹੋ ਗਈਆਂ। ਇਸ ਸਾਲ ਉੱਤਰ ਪ੍ਰਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਲਗਭਗ 200 ਮੌਤਾਂ ਹੋ ਚੁਕੀਆਂ ਹਨ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਮਾਫ਼ੀਆ ਜ਼ਹਿਰੀਲੀ ਸ਼ਰਾਬ ਦਾ ਖੁੱਲ੍ਹੇਆਮ ਧੰਦਾ ਕਰ ਰਹੇ ਹਨ, ਪੱਤਰਕਾਰਾਂ ਅਤੇ ਪੁਲੀਸ ਤੇ ਹਮਲਾ ਬੋਲ ਰਹੇ ਹਨ ਪਰ ਕੋਈ ਕਾਰਵਾਈ ਨਹੀਂ। ਸ਼ਰਾਬ ਮਾਫ਼ੀਆਵਾਂ ਤੇ ਕਿਉਂ ਮੇਹਰਬਾਨ ਹੈ ਭਾਜਪਾ ਸਰਕਾਰ।
ਜਿਕਰਯੋਗ ਹੈ ਕਿ ਆਗਰਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪਿਛਲੇ ਹਫਤੇ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਬੀਮਾਰ ਹੋ ਗਏ ਸਨ। ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਘਟਨਾ ਦੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਸ਼ਰਾਬ ਨਾਲ ਮੌਤਾਂ ਦੇ ਮਾਮਲਿਆਂ ਵਿੱਚ ਥਾਣਾ ਤਾਜਗੰਜ ਵਿੱਚ ਤਿੰਨ, ਡਕੈਤੀ ਵਿੱਚ 4 ਅਤੇ ਸ਼ਮਸਾਬਾਦ ਵਿੱਚ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ।