ਚੰਡੀਗੜ੍ਹ, 24 ਅਗਸਤ -ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ ਦਾ ਬੀਤੇ ਦਿਨ ਇਕ ਵਿਵਾਦ ਕਾਫ਼ੀ ਵਧ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗਣੀ ਪਈ। ਗੁਰਦਾਸ ਮਾਨ ਨੇ ਫੇਸਬੁੱਕ ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਗੁਰੂਆਂ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਿਆ। ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਖੀ ਗੱਲ ਨੇ ਜੇਕਰ ਕਿਸੇ ਦੇ ਵੀ ਦਿਲ ਨੂੰ ਦੁੱਖ ਪਹੁੰਚਾਇਆ ਹੈ ਤਾਂ ਉਹ ਹੱਥ ਜੋੜ ਕੇ 100-100 ਵਾਰ ਮੁਆਫ਼ੀ ਮੰਗਦੇ ਹਨ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਨਕੋਦਰ ਵਿਖੇ ਗੁਰਦਾਸ ਮਾਨ ਦਾ ਪ੍ਰੋਗਰਾਮ ਸੀ ਜਿਸ ਦੌਰਾਨ ਉਨ੍ਹਾਂ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਜਦੋਂ ਗੁਰਦਾਸ ਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਸਿੱਖ ਜੱਥੇਬੰਦੀਆਂ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਨੇ ਗੁਰਦਾਸ ਮਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਮਾਮਲੇ ਨੂੰ ਜ਼ਿਆਦਾ ਭਖਦਾ ਦੇਖ ਹੁਣ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਵੀਡੀਓ ਸਾਂਝੀ ਕਰਦਿਆਂ ਮੁਆਫ਼ੀ ਮੰਗ ਲਈ ਹੈ।
ਜਿਕਰਯੋਗ ਹੈ ਕਿ ਗੁਰਦਾਸ ਮਾਨ ਉਦੋਂ ਤੋਂ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ ਜਦੋਂ ਉਨ੍ਹਾਂ ਨੇ ਸਟੇਜ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ ਸੀ। ਉਸ ਵਿਵਾਦ ਤੋਂ ਬਾਅਦ ਲੋਕਾਂ ਨੇ ਗੁਰਦਾਸ ਮਾਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਸੀ।