ਬਠਿੰਡਾ, 23 ਜੂਨ 2020 – ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਿਸ਼ਨ ਫਤਿਹ ਤਹਿਤ ਕੋਵਿਡ -19 ਮਹਾਂਮਾਰੀ ਦੇ ਸਬੰਧ ਵਿੱਚ ਘਰ ਘਰ ਨਿਗਰਾਨੀ ਮੁਹਿੰਮ ਦੀ ਜ਼ਿਲ੍ਹਾ ਬਠਿੰਡਾ ਅੰਦਰ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਸਿਹਤ ਸਥਿਤੀ, ਬਾਹਰੋ ਆਏ ਲੋਕਾਂ ਆਦਿ ਸਬੰਧੀ ਜਾਣਕਾਰੀ ਇੱਕਤਰ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਸਬੰਧੀ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਇਸ ਸੰਬੰਧੀ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਦੀ ਅਬਾਦੀ ਵਿੱਚ ਪਰਿਵਾਰ ਦੇ ਮੁਖੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਜਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਦਿਹਾਤੀ ਖੇਤਰ ਵਿੱਚ 827 ਆਸ਼ਾ ਵਰਕਰ 40 ਆਸ਼ਾ ਫੈਸਿਲੀਟੇਟਰ ਅਤੇ ਅਰਬਨ ਏਰੀਏ ਵਿੱਚ 141 ਆਸ਼ਾ, 23 ਵਲੰਟੀਅਰ ਅਤੇ 08 ਸੁਪਰਵਾਈਜ਼ਰ ਦੀ ਡਿਊਟੀ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਆਸ਼ਾ ਵਰਕਰ ਘਰ ਘਰ ਨਿਗਰਾਨੀ ਪੋ੍ਰਗਰਾਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਜਿਸ ਵਿੱਚ ਉਹ ਆਪਣੇ ਸਮਾਰਟ ਫੋਨ ਰਾਹੀਂ ਆਪਣੇ ਆਪਣੇ ਏਰੀਏ ਦੇ ਆਬਾਦੀ ਦੀ ਮੁਢਲੀ ਜਾਣਕਾਰੀ ਦੇ ਨਾਲ ਨਾਲ ਸਹਿ ਰੋਗ , ਪਿਛਲੇ 07 ਦਿਨਾਂ ਵਿੱਚ ਕੋਈ ਬੁਖਾਰ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ ਆਦਿ, ਪਿਛਲੇ ਇੱਕ ਮਹੀਨੇ ਵਿੱਚ ਕੀਤੀ ਗਈ ਯਾਤਰਾ ਦਾ ਵੇਰਵਾ ਅਤੇ ਕਿਸੇ ਕੋਰੋਨਾ ਪਾਜ਼ੀਟਿਵ ਕੇਸ ਦੇ ਸੰਪਰਕ ਜਾਂ ਆਸ ਪਾਸ ਹੋਣ ਬਾਰੇ ਜਾਣਕਾਰੀ ਦਰਜ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਟੀ.ਬੀ., ਕੈਂਸਰ ਆਦਿ ਦਾ ਸਰਵੇਖਣ ਵੀ ਕੀਤਾ ਜਾਵੇਗਾ।