ਕਾਬੁਲ, 24 ਅਗਸਤ – ਅਫਗਾਨਿਸਤਾਨ ਵਿੱਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪਹੁੰਚੇ ਯੂਕਰੇਨ ਦੇ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਹੈ। ਯੂਕਰੇਨ ਸਰਕਾਰ ਦੇ ਇਕ ਮੰਤਰੀ ਨੇ ਇਹ ਦਾਅਵਾ ਕੀਤਾ ਹੈ। ਮੰਤਰੀ ਮੁਤਾਬਕ ਇਹ ਜਹਾਜ ਐਤਵਾਰ ਨੂੰ ਅਗਵਾ ਕੀਤਾ ਗਿਆ ਸੀ, ਜਿਸ ਨੂੰ ਕੁਝ ਅਣਪਛਾਤੇ ਲੋਕਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਯੂਕਰੇਨ ਸਰਕਾਰ ਵਿੱਚ ਡਿਪਟੀ ਵਿਦੇਸ਼ ਮੰਤਰੀ ਏਵਗੲਨੇ ਐਨਿਨ ਨੇ ਕਿਹਾ ਕਿ ਸਾਡੇ ਜਹਾਜ਼ ਨੂੰ ਅਣਜਾਣ ਲੋਕਾਂ ਵੱਲੋਂ ਲਗਵਾ ਕਰ ਲਿਆ ਗਿਆ ਹੈ ਅਤੇ ਅੱਜ ਇਸ ਜਹਾਜ਼ ਨੂੰ ਇਰਾਨ ਲਿਜਾਇਆ ਗਿਆ ਹੈ ਜਿਸ ਵਿੱਚ ਅਣਜਾਣ ਲੋਕ ਹਨ। ਇੰਨਾ ਹੀ ਨਹੀਂ ਸਾਡੇ ਦੂਜੇ ਤਿੰਨ ਜਹਾਜ਼ ਵੀ ਲੋਕਾਂ ਨੂੰ ਬਾਹਰ ਕੱਢਣ ਵਿਚ ਸਫਲ ਨਹੀਂ ਹੋ ਪਾਏ ਕਿਉਂਕਿ ਸਾਡੇ ਨਾਗਰਿਕ ਹਵਾਈ ਅੱਡੇ ਤੱਕ ਨਹੀਂ ਪਹੁੰਚੇ ਸਨ।
ਦੂਜੇ ਪਾਸੇ ਯੂਕਰੇਨ ਦੇ ਦਾਅਵੇ ਤੋਂ ਉਲਟ ਇਰਾਨ ਦੇ ਮੰਤਰੀ ਅੱਬਾਸ ਅਸਲਾਨੀ ਦਾ ਦਾਅਵਾ ਹੈ ਕਿ ਇਹ ਜਹਾਜ਼ ਨਾਰਥ ਈਸਟ ਇਰਾਨ ਦੇ ਮਸ਼ਹਾਦ ਹਵਾਈ ਅੱਡੇ ਤੇ ਆਇਆ ਸੀ ਪਰ ਇਹ ਤੇਲ ਭਰਵਾਉਣ ਮਗਰੋਂ ਯੂਕਰੇਨ ਲਈ ਰਵਾਨਾ ਹੋ ਗਿਆ ਸੀ ਅਤੇ ਕੀਵ ਹਵਾਈ ਅੱਡੇ ਤੇ ਲੈਂਡ ਵੀ ਕਰ ਗਿਆ ਸੀ।
ਖਬਰ ਮੁਤਾਬਕ ਜਿਹੜੇ ਲੋਕਾਂ ਨੇ ਇਸ ਜਹਾਜ਼ ਨੂੰ ਅਗਵਾ ਕੀਤਾ ਸੀ ਉਹ ਸਾਰੇ ਹਥਿਆਰਾਂ ਨਾਲ ਲੈਸ ਸਨ। ਹੁਣੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਕਿਸ ਨੇ ਇਸ ਜਹਾਜ਼ ਨੂੰ ਅਗਵਾ ਕੀਤਾ ਹੈ। ਯੂਕਰੇਨ ਵੱਲੋਂ ਲਗਾਤਾਰ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 83 ਲੋਕਾਂ ਨੂੰ ਕਾਬੁਲ ਤੋਂ ਕੀਵ ਤੱਕ ਲਿਆਂਦਾ ਗਿਆ ਹੈ। ਇਹਨਾਂ ਵਿੱਚ 31 ਯੂਕਰੇਨੀ ਨਾਗਰਿਕ ਸ਼ਾਮਲ ਸਨ।
ਅਫਗਾਨਿਸਤਾਨ ਵਿੱਚ ਹਾਲੇ ਵੀ ਕਰੀਬ 100 ਤੋਂ ਵੱਧ ਯੂਕਰੇਨੀ ਨਾਗਰਿਕ ਮੌਜੂਦ ਹਨ ਜਿਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਯੂਕਰੇਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਆਪਣੇ ਨਾਗਰਿਕ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ।