ਸ੍ਰੀ ਅਨੰਦਪੁਰ ਸਾਹਿਬ 20 ਫ਼ਰਵਰੀ 2024 : ਪੰਜਾਬ ਸਰਕਾਰ ਦੀ ਸਕੀਮ ਫਾਰ ਕੈਰੀਅਰ ਕੌਂਸਲਿੰਗ ਇਨ ਗਵਰਨਮੈਂਟ ਕਾਲਜਜ ਆਫ਼ ਪੰਜਾਬ ਤਹਿਤ ਪ੍ਰਦਾਨ ਕੀਤੇ ਗਏ ਬਜਟ ਦਾ ਪ੍ਰਯੋਗ ਕਰਦੇ ਹੋਏ ,ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ , ਲੁਧਿਆਣਾ ਦਾ ਰਸਮੀ ਉਦਘਾਟਨ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 8 ਜੁਲਾਈ, 1962 ਨੂੰ ਕੀਤਾ ਸੀ। ਪੀਏਯੂ ਨੇ 1960 ਦੇ ਦਹਾਕੇ ਵਿੱਚ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ। ਰਾਸ਼ਟਰੀ ਖੇਤੀਬਾੜੀ ਉਤਪਾਦਨ ਸੈਕਟਰ ਵਿਚ ਕਣਕ ਦੇ 60 ਫੀਸਦੀ ਰਕਬੇ ਉੱਤੇ ਅਤੇ ਚੌਲਾਂ ਦੇ 45 ਫੀਸਦੀ ਰਕਬੇ ਤੇ ਇਸ ਯੂਨੀਵਰਸਿਟੀ ਦੇ ਸੁਧਾਰ ਤਕਨੀਕ ਬੀਜਾਂ ਨਾਲ ਖੇਤੀ ਹੁੰਦੀ ਹੈ। ਇਸਨੇ ਖੇਤੀ ਦੇ ਵੱਖ ਵੱਖ ਕਿਸਮਾਂ ਦੇ 809 ਹਾਈਬ੍ਰਿਡ ਬੀਜਾਂ ਦੀ ਖੋਜ ਕੀਤੀ ਹੈ , ਜਿਹਨਾਂ ਵਿਚੋਂ 173 ਹਾਈਬ੍ਰਿਡ ਬੀਜਾਂ ਦੀ ਵਰਤੋਂ ਸਮੁੱਚੇ ਦੇਸ਼ ਵਿਚ ਹੋ ਰਹੀ ਹੈ। ਇਹ ਆਈ.ਸੀ. ਏ .ਆਰ ਦੁਆਰਾ ਸੰਨ 1995 ਵਿਚ ਸਰਵਉੱਤਮ ਰਾਜ ਖੇਤੀਬਾੜੀ ਯੂਨੀਵਰਸਿਟੀ ਦਾ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਹੈ। ਇਸ ਦੀ ਅਤਿ ਆਧੁਨਿਕ ਤਕਨੀਕ ਨਾਲ ਬਣੀ ਖੇਤੀਬਾੜੀ ਮਸੀਨਰੀ ਦਾ ਲਾਭ ਕਰੀਬ ਹਰ ਕਿਸਾਨ ਨੂੰ ਮਿਲ ਰਿਹਾ ਹੈ। ਇਸ ਦੁਆਰਾ ਪਾਣੀ ਦੇ ਸਰੋਤਾਂ ਦੇ ਪ੍ਰਯੋਗ ਅਤੇ ਮਿੱਟੀ ਦੀ ਉਪਜਾਉ ਸਕਤੀ ਵਧਾਉਣ ਦੀਆਂ ਤਕਨੀਕਾਂ ਦਾ ਲਾਭ ਦੇਸ਼ ਭਰ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਇਸਦੇ ਪੁਰਾਤਨ ਪੰਜਾਬੀ ਜੀਵਨ ਅਤੇ ਸਭਿਆਚਾਰ ਦੇ ਅਜਾਇਬ ਘਰ ਵਿਚ ਪੁਰਾਤਨ ਵਸਤਾਂ ਦੀ ਨੁਮਾਇਸ ਦਿਲ ਖਿੱਚਵੀ ਹੈ। ਇਸ ਦੇ ਭੂਮੀ ਅਤੇ ਪਾਣੀ ਸਰੋਤ ਅਜਾਇਬ ਘਰ ਵਿਚ ਦੇਸ ਦੇ ਭੂਗੋਲਿਕ ਗਿਆਨ ਨੂੰ ਰੋਚਕ ਢੰਗ ਨਾਲ ਦਰਸਾਇਆ ਗਿਆ ਹੈ। ਇਸ ਮੌਕੇ ਡਾ : ਦਿਲਰਾਜ ਕੌਰ ਅਤੇ ਪ੍ਰੋ: ਬੇਬੀ ਨੇ ਵਿਦਿਆਰਥੀਆਂ ਨੂੰ ਇਸ ਯੂਨੀਵਰਸਿਟੀ ਦੇ ਖੇਤੀਬਾੜੀ ਵਿਚ ਯੋਗਦਾਨ ਨੂੰ ਵਿਸਥਾਰ ਵਿਚ ਦੱਸਿਆ । ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਸਮੇਤ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਪਰਮਵੀਰ ਸਿੰਘ , ਟ੍ਰੈਫ਼ਿਕ ਮੈਨੇਜਰ ਧੀਰਜ ਕੁਮਾਰ , ਡਰਾਈਵਰ ਜਸਵਿੰਦਰ ਸਿੰਘ ਅਤੇ ਕੰਡਕਟਰ ਗੁਰਬਖਸ਼ ਸਿੰਘ ਸਮੇਤ ਸਮੁੱਚੇ ਰੋਡਵੇਜ ਵਿਭਾਗ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।