ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਪੁਲੀਸ ਨੇ ਸੁਰਖਿਆ ਪ੍ਰਬੰਧਾਂ ਦੇ ਨਾਮ ਤੇ ਮੀਡੀਆ ਨੂੰ ਅਦਾਲਤ ਵਿੱਚ ਦਾਖਿਲ ਨਾ ਹੋਣ ਦਿੱਤਾ, ਪੂਰਾ ਦਿਨ ਨਹੀਂ ਆਇਆ ਕੋਈ ਫੈਸਲਾ
ਐਸ ਏ ਐਸ ਨਗਰ, 19 ਅਗਸਤ-ਵਿਜੀਲੈਂਸ ਵਿਭਾਗ ਵਲੋਂ ਬੀਤੀ ਸ਼ਾਮ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲੀਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਅੱਜ ਮੁਹਾਲੀ ਦੀ ਅਦਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇਸ ਮਾਮਲੇ ਦੀ ਸਣਵਾਈ ਹੋਈ ਪਰੰਤੂ ਸ਼ਾਮ 5 ਵਜੇ ਤਕ ਇਸ ਸੰਬੰਧੀ ਕੋਈ ਫੈਸਲਾ ਨਹੀਂ ਆਇਆ ਸੀ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਸੁਮੇਧ ਸਿੰਘ ਸੈਣੀ ਨੂੰ ਸਖਤ ਸੁਰਖਿਆ ਪ੍ਰਬੰਧਾਂ ਹੇਠ ਦੁਪਹਿਰ 12.30 ਵਜੇ ਦੇ ਕਰੀਬ ਵਿਜੀਲੈਂਸ ਬਿਓਰੋ ਦੀ ਚਿੱਟੇ ਰੰਗ ਦੀ ਇਨੋਵਾ ਗੱਡੀ ਵਿੱਚ ਅਦਾਲਤ ਲਿਆਂਦਾ ਗਿਆ। ਇਸ ਮੌਕੇ ਸਥਾਨਕ ਪੁਲੀਸ ਵੱਲੋਂ ਸੁਰੱਖਿਆ ਦੇ ਬਹੁਤ ਹੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਅਤੇ ਪੁਲੀਸ ਵਲੋਂ ਮੀਡੀਆ ਨੂੰ ਅਦਾਲਤ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਸ੍ਰੀ ਸੈਣੀ ਦੇ ਪਹੁੰਚਣ ਤੋਂ ਪਹਿਲਾਂ ਜਿਹੜੇ ਮੀਡੀਆ ਕਰਮੀ ਅਦਾਲਤੀ ਕਾਂਪਲੈਕਸ ਵਿੱਚ ਦਾਖਿਲ ਹੋ ਚੁੱਕੇ ਸਨ, ਉਹਨਾਂ ਨੂੰ ਵੀ ਪੁਲੀਸ ਵਲੋਂ ਕੋਰਟ ਕਾਂਪਲੈਕਸ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਪੁਲੀਸ ਦਾ ਕੋਈ ਵੀ ਅਧਿਕਾਰੀ ਕਿਸੇ ਨੂੰ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਸੀ। ਖਬਰ ਲਿਖੇ ਜਾਣ ਤਕ ਇਸ ਸੰਬੰਧੀ ਅਦਾਲਤ ਵਲੋਂ ਕੋਈ ਫੈਸਲਾ ਨਹੀਂ ਆਇਆ ਸੀ ਅਤੇ ਮੀਡੀਆ ਕਰਮੀ ਅਦਾਲਤ ਦੇ ਬਾਹਰ ਮਾਮਲੇ ਦੀ ਜਾਣਕਾਰੀ ਲੈਣ ਲਈ ਡਟੇ ਹੋਏ ਸਨ।
ਇੱਥੇ ਇਹ ਜਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਅਤੇ ਇੱਕ ਹੋਰ ਐਫ.ਆਈ. ਆਰ. ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਵਲੋਂ ਬੀਤੀ ਰਾਤ ਸ੍ਰੀ ਸੈਣੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਸੈਕਟਰ 68 ਦਫਤਰ ਵਿੱਚਲੀ ਇਮਾਰਤ ਦੀ ਹਵਾਲਾਤ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਨੇ ਪੂਰੀ ਰਾਤ ਜਮੀਨ ਤੇ ਹੀ ਕੱਟੀ।
ਖਬਰ ਲਿਖੇ ਜਾਣ ਤਕ ਇਸ ਮਾਮਲੇ ਬਾਰੇ ਕੋਈ ਅਧਿਕਾਰਤ ਫੈਸਲਾ ਨਹੀਂ ਹੋਇਆ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਸ੍ਰੀ ਸੈਣੀ ਦੀ ਪਤਨੀ ਸ੍ਰੀਮਤੀ ਸ਼ੋਭਾ ਸੈਣੀ ਵਲੋਂ ਅੱਜ ਉਹਨਾਂ ਦੀ ਗਿਫਤਾਰੀ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾਂ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਪੁਲੀਸ ਵਲੋਂ ਸ੍ਰੀ ਸੈਣੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਸ੍ਰੀ ਸੈਣੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਖੁਦ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਵਿਜੀਲੈਂਸ ਬਿਊਰੋ ਪਹੁੰਚੇ ਸਨ। ਹਾਲਾਂਕਿ ਇਸ ਮਾਮਲੇ ਦੀ ਅਧਿਕਾਰਤ ਤੌਰ ਤੇ ਪੁੁਸ਼ਟੀ ਨਹੀਂ ਹੋਈ ਪਰੰਤੂ ਇਹੀ ਕਿਹਾ ਜਾ ਰਿਹਾ ਸੀ ਕਿ ਮਾਣਯੋਗ ਹਾਈਕਰੋਟ ਵਲੋਂ ਇਸ ਸੰਬੰਧੀ ਦਿੱਤੇ ਜਾਣ ਵਾਲੇ ਫੈਸਲੇ ਤੋਂ ਬਾਅਦ ਹੀ ਮੁਹਾਲੀ ਅਦਾਲਤ ਵਲੋਂ ਆਪਣੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।
ਇੱਥੇ ਜਿਕਯੋਗ ਹੈ ਕਿ ਇਸਤੋਂ ਪਹਿਲਾਂ ਮਾਣਯੋਗ ਅਦਾਲਤ ਵਲੋਂ ਸ੍ਰੀ ਸੈਣੀ ਨੂੰ ਅਗਾਉਂ ਜਮਾਨਤ ਦੇਣ ਤੋਂ ਇਨਕਾਰ ਕਰਦਿਆਂ ਉਹਨਾਂ ਨੂੰ ਮਾਮਲੇ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਅਤੇ ਬੀਤੀ ਰਾਤ 8 ਵਜੇ ਦੇ ਕਰੀਬ ਜਦੋਂ ਉਹ ਵਿਜੀਲੈਂਸ ਵਿਭਾਗ ਪਹੁੰਚੇ ਸਨ ਤਾਂ ਵਿਜੀਲੈਂਸ ਵਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਸੰਬੰਧੀ ਵਿਜੀਲੈਂਸ ਦੇ ਇੱਕ ਉਚ ਅਧਿਕਾਰੀ ਨੇ ਦੱਸਿਆ ਸੀ ਕਿ ਸੈਣੀ ਖ਼ੁਦ ਰਾਤ 8 ਵਜੇ ਬਿਊਰੋ ਦੇ ਦਫ਼ਤਰ ਪਹੁੰਚੇ ਸਨ ਅਤੇ ਕਿਹਾ ਕਿ ਉਹ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਫ਼ੈਸਲਾ ਕੀਤਾ ਗਿਆ।