ਐਸ ਏ ਐਸ ਨਗਰ, 19 ਅਗਸਤ – ਸਿਹਤ ਵਿਭਾਗ ਦੇ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਾਲੀ ਟੀਮ ਵਲੋਂ ਜ਼ੀਰਕਪੁਰ ਵਿੱਚ ਮਿਠਾਈਆਂ ਬਣਾਉਣ ਵਾਲੀ ਫ਼ੈਕਟਰੀ ਅਤੇ ਮਿਠਾਈ ਦੀ ਦੁਕਾਨ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਮਿਠਾਈਆਂ ਦੀ ਗੁੁਣਵੱਤਾ ਅਤੇ ਮਿਆਦ ਜਾਂਚੀ ਗਈ ਅਤੇ ਉਥੇ ਖੋਏ ਅਤੇ ਪਤੀਸੇ ਦੇ ਸੈਂਪਲ ਵੀ ਲਏ ਗਏ ਜਿਹਨਾਂ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ।
ਜਿਲ੍ਹਾ ਸਿਹਤ ਅਫਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤੀ ਗਈ ਇਸ ਅਚਨਚੇਤ ਚੈਕਿੰਗ ਿਦੌਰਾਨ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਿਲਾਵਟੀ, ਬੇਮਿਆਰੀ ਅਤੇ ਮਿਆਦ-ਪੁੱਗੀਆਂ ਮਿਠਾਈਆਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਕਾਰੋਬਾਰੀਆਂ ਨੂੰ ਮਿਠਾਈਆਂ ਦੀ ਟਰੇਅ ਉਤੇ ਮਿਠਾਈਆਂ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਦਰਸਾਉਣ ਦੀ ਵੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਫ਼ੂਡ ਸੇਫ਼ਟੀ ਟੀਮ ਨੇ ਜ਼ਿਲ੍ਹੇ ਵਿੱਚ ਘੁੰਮ ਰਹੀ ਫ਼ੂਡ ਸੇਫ਼ਟੀ ਜਾਂਚ ਵੈਨ ਰਾਹੀਂ ਲਾਲ ਮਿਰਚ, ਹਲਦੀ, ਪਾਣੀ ਅਤੇ ਹੋਰ ਵਸਤਾਂ ਦੇ 15 ਸੈਂਪਲ ਵੀ ਲਏ ਗਏ ਹਨ। ਟੀਮ ਨੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂੰ ਕਰਵਾਇਆ ਅਤੇ ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿੱਚ ਬਹੁਤੀ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ।
ਡਾ. ਸੁਭਾਸ਼ ਨੇ ਦਸਿਆ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਮੋਬਾਈਲ ਫ਼ੂਡ ਸੇਫ਼ਟੀ ਵੈਨ ਵੀ ਘੁੰਮ ਰਹੀ ਹੈ ਜਿਸ ਜ਼ਰੀਏ ਚੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕ ਦੁੱਧ, ਘੀ ਜਾਂ ਹੋਰ ਚੀਜ਼ਾਂ ਦੇ ਮਿਆਰ ਦੀ ਪਰਖ ਵਿਚ ਇਸ ਵੈਨ ਵਿਚ ਕਰਵਾ ਸਕਦੇ ਹਨ।