ਵਾਸ਼ਿੰਗਟਨ – ਅਮਰੀਕੀ ਸੈਨੇਟਰ ਟਾਮ ਕਾਟਨ ਨੇ ਕੋਵਿਡ-19 ਦੇ ਬਾਰੇ ਵਿੱਚ ਝੂਠ ਬੋਲਣ ਅਤੇ ਤੱਥਾਂ ਨੂੰ ਲੁਕਾਉਣ ਲਈ ਚੀਨ ਤੇ ਦੋਸ਼ ਲਗਾਉਂਦਿਆ ਕਿਹਾ ਕਿ ਬੀਜਿੰਗ ਨੇ ਮਹਾਮਾਰੀ ਦੀ ਉਤਪਤੀ ਦੇ ਸਬੂਤ ਨਸ਼ਟ ਕਰ ਦਿੱਤੇ ਹਨ। ਸੈਨੇਟਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਗਵਾਹਾਂ ਅਤੇ ਸਬੂਤਾਂ ਨੂੰ ਜਾਂ ਤਾਂ ਗਾਇਬ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਹਾਮਹਾਰੀ ਦੇ ਬਾਰੇ ਵਿੱਚ ਕੋਈ ਉਤਰ ਮਿਲੇ ਇਸ ਦੀ ਸੰਭਾਵਨਾ ਬਹੁਤ ਘੱਟ ਰਹਿ ਗਈ ਹੈ।ਉਨ੍ਹਾਂ ਨੇ ਡਬਲਯੂ. ਐੱਚ. ਓ. ਦੇ ਡਾਇਰੈਕਟਰ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਉਹ ਕਾਫ਼ੀ ਸਮੇਂ ਤੱਕ ਕੋਵਿਡ-19 ਨੂੰ ਮਹਾਮਾਰੀ ਕਹਿਣ ਤੋਂ ਇਨਕਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਨੇ ਜਿਸ ਲਾਪ੍ਰਵਾਹੀ ਨਾਲ ਮਹਾਮਾਰੀ ਦੀ ਸ਼ੁਰੂਆਤ ਵਿੱਚ ਕੰਮ ਕੀਤਾ ਅਤੇ ਦੁਨੀਆ ਨੂੰ ਇਸ ਦੇ ਖ਼ਤਰੇ ਤੋਂ ਅਣਜਾਣ ਰੱਖਿਆ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਡਾਇਰੈਕਟਰ ਸ਼ੁਰੂ ਤੋਂ ਹੀ ਚੀਨ ਦੇ ਕਹਿਣ ਮੁਤਾਬਕ ਗੱਲ ਕਰ ਰਹੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਗਿਆ ਡਬਲਯੂ. ਐੱਚ. ਓ. ਨੇ ਇਸ ਸਾਲ ਦੇ ਸ਼ੁਰੂ ਵਿੱਚ ਵੁਹਾਨ ਜਾਂਚ ਵਿੱਚ ਇਕ ਨਕਲੀ ਦਲ ਨੂੰ ਜਾਂਚ ਲਈ ਭੇਜਿਆ ਸੀ।ਉਨ੍ਹਾਂ ਨੇ ਚੀਨ ਖ਼ਿਲਾਫ਼ ਕਦਮ ਨਾ ਚੁੱਕਣ ਨੂੰ ਲੈ ਕੇ ਯੂ. ਐੱਸ. ਦੇ ਰਾਸ਼ਟਰਪਤੀ ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਕੁਝ ਕਰ ਸਕਦੇ ਸੀ ਅਤੇ ਉਹ ਕੁਝ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਜੋਅ ਬਾਈਡੇਨ ਅਤੇ ਕਾਂਗਰਸ ਦੇ ਮੈਂਬਰ ਨੂੰ ਇਸ ਲਈ ਚੁਣਿਆ ਸੀ ਤਾਂ ਕਿ ਉਹ ਬਿਹਤਰ ਫ਼ੈਸਲਾ ਲੈ ਸਕੇ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।ਹਾਲ ਹੀ ਵਿੱਚ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਡਬਲਯੂ. ਐੱਚ. ਓ. ਦੀ ਦੂਜੇ ਦੌਰ ਦੀ ਜਾਂਚ ਦੀ ਯੋਜਨਾ ਨੂੰ ਨਕਾਰ ਦਿੱਤਾ ਸੀ। ਬਾਅਦ ਵਿੱਚ ਅਮਰੀਕਾ ਨੇ ਚੀਨ ਦੇ ਇਸ ਕਦਮ ਨੂੰ ਦੁਨੀਆ ਲਈ ਖ਼ਤਰਨਾਕ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਡਬਲਯੂ. ਐੱਚ. ਓ. ਦੀ ਅਗਵਾਈ ਵਿੱਚ ਵਿਗਿਆਨਕਾਂ ਦਾ ਇਕ ਦਲ ਚੀਨ ਵਿੱਚ ਵਾਇਰਸ ਦੀ ਉਤਪਤੀ ਦੀ ਜਾਂਚ ਲਈ ਗਿਆ ਸੀ ਜਿਸ ਨਾਲ ਤਸਵੀਰ ਸਾਫ਼ ਹੋ ਸਕੇ ਕਿ ਚੀਨ ਕਿਸ ਤਰ੍ਹਾਂ ਦੀ ਖੋਜ਼ ਵਿੱਚ ਸ਼ਾਮਲ ਸੀ ਪਰ ਵਿਗਿਆਨਕਾਂ ਨੂੰ ਉਥੇ ਜਾਂਚ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਨਿਰਪੱਖ ਜਾਂਚ ਨਹੀਂ ਹੋ ਸਕੀ।