ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਸ਼ਾਇਦ ਮੋਦੀ ਅਜਿਹੇ ਪਹਿਲੇ ਨੇਤਾ ਹਨ ਜਿਨ੍ਹਾਂ ਇਹ ਯਕੀਨੀ ਬਣਾਉਣ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਕਿ ਉਨ੍ਹਾਂ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਵਿਕਾਸ ਕਾਰਜ ਜਾਰੀ ਰਹਿਣ।ਸ਼ਾਹ ਨੇ ਆਪਣੇ ਗਾਂਧੀਨਗਰ ਲੋਕ ਸਭਾ ਹਲਕੇ ’ਚ ਅਹਿਮਦਾਬਾਦ ਤੇ ਇਸ ਦੇ ਨੇੜਲੇ ਇਲਾਕਿਆਂ ’ਚ 244 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਮੋਦੀ ਦੇ ਰਾਜ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਗੁਜਰਾਤ ’ਚ ਸ਼ੁਰੂ ਹੋਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਸ਼ਾਹ ਨੇ ਕਿਹਾ, ‘ਸਿਆਸਤ ਦੇ ਇੰਨੇ ਵੱਡੇ ਤਜਰਬੇ ਦੌਰਾਨ ਮੈਂ ਕਈ ਤਰ੍ਹਾਂ ਦੇ ਨੇਤਾ ਦੇਖੇ ਹਨ। ਕੁਝ ਅਜਿਹੇ ਨੇਤਾ ਹਨ ਜੋ ਕੰਮ ਨੂੰ ਆਪਣੀ ਰਫ਼ਤਾਰ ਨਾਲ ਹੋਣ ਦਿੰਦੇ ਹਨ ਤੇ ਸਿਰਫ਼ ਫੀਤਾ ਕੱਟਣ ਲਈ ਜਾਂਦੇ ਹਨ। ਕੁਝ ਅਜਿਹੇ ਨੇਤਾ ਵੀ ਹਨ ਜੋ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਵਿਕਾਸ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਦੇ ਹਨ।’ ਉਨ੍ਹਾਂ ਕਿਹਾ, ‘ਪਰ ਕੁਝ ਅਜਿਹੇ ਵੀ ਹਨ ਜੋ ਅਜਿਹਾ ਸਿਸਟਮ ਬਣਾਉਂਦੇ ਹਨ ਕਿ ਉਨ੍ਹਾਂ ਦੇ ਜਾਣ ਮਗਰੋਂ ਵੀ ਵਿਕਾਸ ਜਾਰੀ ਰਹਿੰਦਾ ਹੈ ਅਤੇ ਨਰਿੰਦਰ ਮੋਦੀ ਸ਼ਾਇਦ ਅਜਿਹਾ ਕਰਨ ਵਾਲੇ ਪਹਿਲੇ ਨੇਤਾ ਹਨ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਮੋਦੀ ਦੇ 14 ਸਾਲ ਦੇ ਕਾਰਜਕਾਲ ਤੋਂ ਗੁਜਰਾਤ ਨੂੰ ਬਹੁਤ ਫਾਇਦਾ ਹੋਇਆ ਹੈ। ਕੇਂਦਰੀ ਮੰਤਰੀ ਬੋਪਾਲ ਹਲਕੇ ’ਚ 150 ਤੋਂ ਵੱਧ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਸਟੱਡੀ ਸੈਂਟਰ, ਇੱਕ ਕਮਿਊਨਿਟੀ ਸੈਂਟਰ, ਜਲ ਸਪਲਾਈ ਸਮੇਤ ਕਈ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਅਹਿਮਦਾਬਾਦ ਦੀ ਪੱਛਮੀ ਰੇਲਵੇ ਦੇ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।