ਅਮਰੀਕਾ ਦੇ ਅੱਗ ਬੁਝਾਊ ਕਰਮਚਾਰੀਆਂ ‘ਤੇ ਜੰਗਲੀ ਅੱਗਾਂ ਦੇ ਮੱਦੇਨਜ਼ਰ ਹੈ ਭਾਰੀ ਤਣਾਅ
ਕੈਲੀਫੋਰਨੀਆ – ਅਮਰੀਕਾ ਦੇ ਕਈ ਖੇਤਰਾਂ ਵਿੱਚ ਹਰ ਸਾਲ ਕਾਫੀ ਵੱਡੇ ਪੱਧਰ ‘ਤੇ ਜੰਗਲੀ ਅੱਗਾਂ ਦੁਆਰਾ ਤਬਾਹੀ ਮਚਾਈ ਜਾਂਦੀ ਹੈ। ਪਰ ਇਸ ਸਾਲ ਜਿਆਦਾ ਗਰਮੀ ਪੈਣ ਕਾਰਨ ਵੱਡੇ ਪੱਧਰ ‘ਤੇ ਜੰਗਲੀ ਅੱਗਾਂ ਦੇ ਡਰ ਕਾਰਨ ਅੱਗ ਬੁਝਾਊ ਕਰਮਚਾਰੀ ਜਿਆਦਾ ਤਣਾਅ ਦਾ ਸਾਹਮਣਾ ਕਰ ਰਹੇ ਹਨ।ਇਸ ਸਾਲ ਜੰਗਲੀ ਅੱਗਾਂ ਦੇ ਸਬੰਧ ਵਿੱਚ ਏਂਜਲਸ ਨੈਸ਼ਨਲ ਫੌਰੈਸਟ ਦੇ ਓਕ ਫਲੈਟ ਫਾਇਰ ਸਟੇਸ਼ਨ ਦੇ ਅਨੁਭਵੀ ਕਰਮਚਾਰੀ ਜਿਆਦਾ ਤਬਾਹੀ ਦਾ ਅਨੁਮਾਨ ਲਗਾ ਰਹੇ ਹਨ। ਮਾਹਿਰਾਂ ਅਨੁਸਾਰ ਇਸ ਸਾਲ ਬਹੁਤ ਘੱਟ ਮੀਂਹ ਪੈਣ ਕਾਰਨ ਅਤੇ ਮੌਸਮ ਵਿੱਚ ਤਬਦੀਲੀ ਦੇ ਕਾਰਨ ਵਧਦੇ ਤਾਪਮਾਨ ਨੇ ਧਰਤੀ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੱਕਾ ਕਰ ਦਿੱਤਾ ਹੈ , ਜਿਸ ਕਰਕੇ ਛੋਟੀ ਜਿਹੀ ਚੰਗਿਆੜੀ ਵੀ ਖਤਰਨਾਕ ਹੈ। ਇਸ ਵਾਰ ਜੰਗਲੀ ਅੱਗਾਂ ਦੇ ਮੱਦੇਨਜ਼ਰ ਅੱਗ ਬੁਝਾਉਣ ਵਾਲਿਆਂ ਦੀ ਤਿਆਰੀ ਅਤੇ ਚਿੰਤਾ ਵਿੱਚ ਜਿਆਦਾ ਵਾਧਾ ਹੋਇਆ ਹੈ।ਪੁਰਾਣੇ ਕਰਮਚਾਰੀਆਂ ਅਨੁਸਾਰ 1970 ਦੇ ਦਹਾਕੇ ਤੱਕ, ਏਂਜਲਸ ਨੈਸ਼ਨਲ ਫੋਰੈਸਟ ਵਿੱਚ ਅੱਗ ਬੁਝਾਉਣ ਵਾਲੇ ਕਰਮਚਾਰੀ ਅੱਗ ਲੱਗਣ ਤੋਂ ਬਾਅਦ ਸਵੇਰੇ 10 ਵਜੇ ਤੱਕ ਹਰ ਜੰਗਲ ਦੀ ਅੱਗ ਬੁਝਾਉਣ ਦੇ ਯੋਗ ਸਨ। ਪਰ ਇਹ ਅੱਜ ਦੇ ਸਮੇਂ ਵਿੱਚ ਮੁਸ਼ਕਿਲ ਅਤੇ ਮਜਾਕੀਆ ਜਾਪਦਾ ਹੈ ਕਿਉਂਕਿ ਵਰਤਮਾਨ ਵਿੱਚ ਅੱਗਾਂ ਜਿਆਦਾ ਵੱਡੇ ਪੱਧਰ ‘ਤੇ ਫੈਲਦੀਆਂ ਹਨ ਅਤੇ ਅੱਗ ਬੁਝਾਊ ਕਰਮਚਾਰੀਆਂ ਨੂੰ ਜਿਆਦਾ ਜੱਦੋਜਹਿਦ ਕਰਨੀ ਪੈਂਦੀ ਹੈ।ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਜੰਗਲੀ ਅੱਗਾਂ ਦੇ ਸੀਜਨ ਵਿੱਚ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜ ਦੇ ਅੰਕੜਿਆਂ ਅਨੁਸਾਰ 1950 ਵਿਆਂ ਤੋਂ ਲੈ ਕੇ ਕੈਲੀਫੋਰਨੀਆ ਦੀ ਅਬਾਦੀ ਚੌਗੁਣੀ ਹੋ ਗਈ ਹੈ, ਅਤੇ ਇਸ ਨਾਲ ਜਿਆਦਾ ਘਰਾਂ, ਵਧੇਰੇ ਉਸਾਰੀ ਕਾਰਨ ਜੰਗਲੀ ਅੱਗਾਂ ਲੱਗਣ ਦੇ ਹੋਰ ਬਹੁਤ ਮੌਕੇ ਵਧ ਗਏ ਹਨ।