ਮੁੰਬਈ – ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਐਲਗਾਰ ਪ੍ਰੀਸ਼ਦ-ਮਾਓਵਾਦੀਆਂ ਦੇ ਸਬੰਧਾਂ ਬਾਰੇ ਕੇਸ ’ਚ ਮੁਲਜ਼ਮ ਪਾਦਰੀ ਸਟੈਨ ਸਵਾਮੀ ਦੀ ਹਿਰਾਸਤ ਵਿਚ ਹੋਈ ਮੌਤ ਲਈ ਕੋਈ ਸਫ਼ਾਈ ਨਹੀਂ ਦਿੱਤੀ ਜਾ ਸਕਦੀ ਭਾਵੇਂ ਕਿ ਮਾਓਵਾਦੀ ‘ਕਸ਼ਮੀਰੀ ਵੱਖਵਾਦੀਆਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ।’ ਪਾਰਟੀ ਨਾਲ ਜੁੜੇ ‘ਸਾਮਨਾ’ ਅਖ਼ਬਾਰ ਵਿਚ ਲੇਖ ਲਿਖਦਿਆਂ ਰਾਊਤ ਨੇ ਕਿਹਾ ਕਿ ਕੀ ਭਾਰਤ ਦੀ ਬੁਨਿਆਦ ਐਨੀ ਕਮਜ਼ੋਰ ਹੈ ਕਿ ਇਕ 84 ਸਾਲ ਦਾ ਬਜ਼ੁਰਗ ਇਸ ਦੇ ਖ਼ਿਲਾਫ਼ ਜੰਗ ਛੇੜ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਰਤਮਾਨ ਸਰਕਾਰ ਦੀ ਆਲੋਚਨਾ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੇਸ਼ ਦੇ ਵੀ ਖ਼ਿਲਾਫ਼ ਹੋ। ਜ਼ਿਕਰਯੋਗ ਹੈ ਕਿ ਸਵਾਮੀ ਦੀ ਮੁੰਬਈ ਦੇ ਹਸਪਤਾਲ ਵਿਚ ਬਿਮਾਰੀ ਕਾਰਨ ਮੌਤ ਹੋ ਗਈ ਸੀ। ਰਾਊਤ ਨੇ ਕਿਹਾ ਕਿ ‘ਇਕ ਸਰਕਾਰ ਜਿਹੜੀ 84 ਸਾਲ ਦੇ ਸਰੀਰਕ ਤੌਰ ’ਤੇ ਬਿਮਾਰ ਵਿਅਕਤੀ ਤੋਂ ਡਰਦੀ ਹੈ, ਉਸ ਦਾ ਕਿਰਦਾਰ ਤਾਨਾਸ਼ਾਹਾਂ ਵਾਲਾ ਹੈ, ਪਰ ਦਿਮਾਗੀ ਤੌਰ ’ਤੇ ਉਹ ਕਮਜ਼ੋਰ ਹੈ।’ ਰਾਊਤ ਨੇ ਕਿਹਾ ਕਿ ਐਲਗਾਰ ਪ੍ਰੀਸ਼ਦ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ, ਪਰ ਬਾਅਦ ਵਿਚ ਜੋ ਹੋਇਆ ਹੈ ਉਸ ਨੂੰ ‘ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਉਤੇ ਹਮਲੇ ਦੀ ਸਾਜ਼ਿਸ਼’ ਕਿਹਾ ਜਾਣਾ ਚਾਹੀਦਾ ਹੈ। ਰਾਊਤ ਨੇ ਕਿਹਾ ਕਿ ਸਟੈਨ ਸਵਾਮੀ ਉਦੋਂ ਹਿਰਾਸਤ ਵਿਚ ਮਰ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ ਜੋ ਕਸ਼ਮੀਰ ਲਈ ਖ਼ੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ ਤੇ ਧਾਰਾ 370 ਨੂੰ ਬਹਾਲ ਕਰਨ ਦੀ ਅਪੀਲ ਕਰ ਰਹੇ ਹਨ।