ਕੈਨੇਡਾ: ਵੈਨਕੂਵਰ ਸਿਟੀ ਕੌਂਸਲ 23 ਮਈ ਨੂੰ “ਕਾਮਾਗਾਟਾਮਾਰੂ ਯਾਦਗਾਰੀ ਦਿਵਸ” ਵਜੋਂ ਮਨਾਉਣ ਦਾ ਐਲਾਨ
ਸਰੀ, 12 ਜੂਨ 2020- ਵੈਨਕੂਵਰ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ 1914 ਦੇ ਕਾਮਾਗਾਟਾਮਾਰੂ ਦੁਖਾਂਤ ਸਬੰਧੀ ਰਸਮੀ ਤੌਰ ‘ਤੇ ਮੁਆਫੀ ਮੰਗੀ ਹੈ ਅਤੇ ਹਰ ਸਾਲ 23 ਮਈ ਨੂੰ “ਕਾਮਾਗਾਟਾਮਾਰੂ ਯਾਦਗਾਰੀ ਦਿਵਸ” ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਮਤਾ ਕੌਂਸਲਰ ਸੀ. ਜੀਨ ਸਵੈਨਸਨ ਨੇ ਕੱਲ੍ਹ ਸਿਟੀ ਕੌਂਸਲ ਵਿਚ ਪੇਸ਼ ਕੀਤਾ ਸੀ। ਸਿਟੀ ਕੌਂਸਲ ਵਿਚ ਇਹ ਮਤਾ ਲਿਆਉਣ ਲਈ ਕਾਮਾਗਾਟਾਮਾਰੂ ਸੋਸਾਇਟੀ ਦੇ ਆਗੂ ਰਾਜ ਸਿੰਘ ਤੂਰ (ਜਿਨ੍ਹਾਂ ਦੇ ਦਾਦਾ ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀਆਂ ਵਿਚ ਸ਼ਾਮਲ ਸਨ) ਦਾ ਵਿਸ਼ੇਸ਼ ਉਪਰਾਲਾ ਰਿਹਾ।
ਵਰਨਣਯੋਗ ਹੈ ਕਿ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼, 23 ਮਈ, 1914 ਨੂੰ ਵੈਨਕੂਵਰ ਪਹੁੰਚਿਆ ਸੀ, ਜਿਸ ਵਿੱਚ 376 ਭਾਰਤੀ ਯਾਤਰੀ ਸਵਾਰ ਸਨ। ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਜਹਾਜ਼ ਦੋ ਮਹੀਨੇ ਬੰਦਰਗਾਹ ਤੇ ਖੜ੍ਹਾ ਰਿਹਾ, ਇਸਦੇ ਯਾਤਰੀਆਂ ਨੂੰ ਖਾਣ-ਪੀਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਸਮੁੰਦਰੀ ਜਹਾਜ਼ ਨੂੰ ਆਖਰਕਾਰ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਸੀ। ਭਾਰਤ ਵਿਚ ਕਲਕੱਤਾ ਪਹੁੰਚਣ ਤੇ, ਬ੍ਰਿਟਿਸ਼ ਸੈਨਿਕਾਂ ਦੁਆਰਾ ਇਸ ਉਪਰ ਗੋਲੀ ਚਲਾਈ ਗਈ ਜਿਸ ਦੌਰਾਨ 19 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਬਾਕੀਆਂ ਨੂੰ ਕੈਦ ਕਰ ਲਿਆ ਗਿਆ ਸੀ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਬੀਸੀ ਸਰਕਾਰ ਨੇ ਮਈ 2008 ਵਿਚ ਕਾਮਾਗਾਟਾਮਾਰੂ ਦੁਖਾਂਤ ਲਈ ਬੀਸੀ ਅਸੈਂਬਲੀ ਵਿਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ ਸੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸਾਲ 2016 ਵਿਚ ਹਾਊਸ ਆਫ ਕਾਮਨਜ਼ ਵਿਚ ਫੈਡਰਲ ਸਰਕਾਰ ਵੱਲੋਂ ਮੁਆਫੀ ਮੰਗ ਲਈ ਸੀ।
ਸਰੀ ਸਿਟੀ ਕੌਂਸਲ ਵੀ ਪਿਛਲੇ ਮਹੀਨੇ 23 ਮਈ ਨੂੰ “ਕਾਮਾਗਾਟਾਮਾਰੂ ਯਾਦਗਾਰੀ ਦਿਵਸ” ਵਜੋਂ ਮਨਾਉਣ ਦਾ ਐਲਾਨ ਕਰ ਚੁੱਕੀ ਹੈ।