ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕਰੋਨਾ ਯੋਧਿਆਂ’ ਲਈ ਇਕ ‘ਕ੍ਰੈਸ਼ ਕੋਰਸ’ ਲਾਂਚ ਕੀਤਾ ਹੈ ਜਿਸ ਨੂੰ ਲੋੜ ਮੁਤਾਬਕ ਢਾਲ ਕੇ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਇਕ ਲੱਖ ਤੋਂ ਵੱਧ ਫਰੰਟਲਾਈਨ ਵਰਕਰਾਂ ਨੂੰ ਨਵੇਂ ਹੁਨਰਾਂ ਨਾਲ ਲੈਸ ਕਰਨਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਹਰ ਕਿਸੇ ਨੂੰ ਕੋਵਿਡ ਵੈਕਸੀਨ ਮੁਫ਼ਤ ਲਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਪੂਰੀ ਤਿਆਰੀ ਰੱਖਣ ਦੀ ਲੋੜ ਹੈ ਕਿਉਂਕਿ ਕਰੋਨਾਵਾਇਰਸ ਤੇ ਇਸ ਦੇ ਸਰੂਪਾਂ ਦਾ ਖ਼ਤਰਾ ਅਜੇ ਬਰਕਰਾਰ ਹੈ। ਮੋਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਨੇ ਉਨ੍ਹਾਂ ਚੁਣੌਤੀਆਂ ਨੂੰ ਉਭਾਰਿਆ ਹੈ ਜੋ ਵਾਇਰਸ ਸਾਡੇ ਅੱਗੇ ਖੜ੍ਹੀਆਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਿਖ਼ਲਾਈ ਦਾ ਮੰਤਵ ਇਕ ਲੱਖ ਤੋਂ ਵੱਧ ਅਗਲੀ ਕਤਾਰ ਦੇ ਵਰਕਰਾਂ ਨੂੰ ਇਨ੍ਹਾਂ ਚੁਣੌਤੀਆਂ ਲਈ ਤਿਆਰ ਕਰਨਾ ਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਸਿਖ਼ਲਾਈ ਪ੍ਰੋਗਰਾਮ ਲੋਕਾਂ ਨੂੰ ਦੋ-ਤਿੰਨ ਮਹੀਨੇ ਵਿਚ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਬਾਦੀ ਦੇ ਹਿਸਾਬ ਨਾਲ ਡਾਕਟਰਾਂ, ਨਰਸਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਗਿਣਤੀ ਵਧਾਉਣ ਦੀ ਲੋੜ ਹੈ।