ਲੰਡਨ – ਭਾਰਤੀ-ਅਮਰੀਕੀ ਰਸਾਇਣ ਸ਼ਾਸਤਰੀ ਸੁਮਿਤਾ ਮਿੱਤਰਾ ਨੇ ਯੂਰਪ ਵਿੱਚ ਨਵੀਨਤਾ ਲਈ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇਕ ਯੂਰਪੀ ਇਨਵੈਂਟਰ ਐਵਾਰਡ 2021 ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਨੈਨੋ ਤਕਨਾਲੌਜੀ ਦੀ ਵਰਤੋਂ ਨਾਲ ਦੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਕੰਮ ਸਬੰਧੀ ਦਿੱਤਾ ਗਿਆ ਹੈ। ਉਨ੍ਹਾਂ ਦੀ ਤਕਨਾਲੌਜੀ ਦੀ ਵਰਤੋਂ ਹੁਣ ਦੁਨੀਆਂਭਰ ਦੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਗੈਰ-ਯੂਰਪੀ ਪੇਟੈਂਟ ਆਫ਼ਿਸ ਦੇਸ਼ਾਂ ਦੀ ਸ਼੍ਰੇਣੀ ਵਿਚ ਯੂਰਪੀਅਨ ਇਨਵੈਂਟਰ ਐਵਾਰਡ 2021 ਜਿੱਤਿਆ। ਯੂਰਪੀ ਪੇਟੈਂਟ ਆਫਿਸ (ਈ.ਪੀ.ਓ.) ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਖੋਜ ਵਿੱਚ ਦੇਖਿਆ ਗਿਆ ਕਿ ਨੈਨੋਕਲਸਟਰ ਦਾ ਇਸਤੇਮਾਲ ਦੰਦਾਂ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਕ ਮਜ਼ਬੂਤ, ਟਿਕਾਊ ਅਤੇ ਦੇਖਣ ਵਿੱਚ ਸੁਖ਼ਦ ਅਹਿਸਾਸ ਵਾਲੀ ਫੀਲਿੰਗ ਮਿਲੀ। ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਤਿਆਰ ਸਮੱਗਰੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਜੋ ਪਹਿਲਾਂ ਦੰਦਾਂ ਦੀ ਫਿਲਿੰਗ ਕਰਦੇ ਸਮੇਂ ਆਉਂਦੀਆਂ ਸਨ।ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਇਸ ਤਕਨੀਕ ਦਾ ਇਸਤੇਮਾਲ ਦੁਨੀਆ ਭਰ ਵਿੱਚ ਇਕ ਅਰਬ ਤੋਂ ਵੱਧ ਲੋਕਾਂ ਦੇ ਦੰਦਾਂ ਦੇ ਇਲਾਜ ਵਿੱਚ ਸਫ਼ਲਤਾਪੂਰਵਕ ਕੀਤਾ ਜਾ ਚੁੱਕਾ ਹੈ। ਅਮਰੀਕਾ ਦੀ ਬਹੁ-ਰਾਸ਼ਟਰੀ ਕੰਪਨੀ 3ਐਮ ਦੇ ਓਰਲ ਕੇਅਰ ਡਿਵੀਜਨ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਪਹਿਲਾਂ ਮੌਜੂਦ ਤਕਨੀਕ ਦੇ ਬਦਲ ਦੀ ਭਾਲ ਦਾ ਸੰਕਲਪ ਲਿਆ। ਉਨ੍ਹਾਂ ਦੀ ਇਸ ਨਵੀਂ ਤਕਨੀਕ ਨਾਲ ਤਿਆਰ ਫਿਲਰ ਫਿਲਟੇਕ ਟੀ. ਐਮ. ਸੁਪਰੀਮ ਦਾ ਵਪਾਰਕ ਇਸਤੇਮਾਲ 3ਐਮ ਵੱਲੋਂ 2002 ਵਿੱਚ ਸ਼ੁਰੂ ਕੀਤਾ ਗਿਆ ਸੀ।