ਸਿਹਤ, ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਨੇ ਸੈਕਟਰ-69 ਅਤੇ ਸੈਕਟਰ-79 ਵਿਖੇ ਰੱਖੇ ਨੀਂਹ ਪੱਥਰ
ਚੰਡੀਗੜ੍ – ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਚ ਵਧਦੀ ਅਬਾਦੀ ਦੇ ਮੱਦੇ ਨਜ਼ਰ ਸ਼ਹਿਰ ਦੇ ਹਰੇਕ ਕੋਨੇ ਤੱਕ ਮੁਢੱਲੀ ਸਿਹਤ ਸਹੂਲਤਾਂ ਮਹੁੱਈਆ ਕਰਵਾਈਆਂ ਜਾਣਗੀਆਂ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਸਥਾਨਕ ਸੈਕਟਰ -69 ਅਤੇ ਸੈਕਟਰ-79 ਵਿਖੇ ਆਧੁਨਿਕ ਕਿਸਮ ਦੀ ਤਕਨੀਕ ਨਾਲ ਲੈਸ 01 ਕਰੋੜ 07 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਵਿਆਪਕ ਪੱਧਰ ’ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ।ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦਸਿਆ ਕਿ ਫੇਸ 6 ਦੇ ਸਿਵਲ ਹਸਪਤਾਲ ਦੇ ਮੈਡੀਕਲ ਕਾਲਜ ਨਾਲ ਜੁੜਨ ਕਾਰਨ ਇੱਥੇ 7 ਓਪਰੇਸ਼ਨ ਥਿਏਟਰਾਂ ਨਾਲ ਲੈਸ ਇਕ ਬਹੁ- ਮੰਜਲਾ ਨਵਾਂ ਬਲਾਕ ਬਣਾਇਆ ਜਾ ਰਿਹਾ । ਜਦਕਿ ਮੈਡੀਕਲ ਕਾਲਜ ਦੀ ਇਮਾਰਤ ਜੁਝਾਰ ਨਗਰ ਅਤੇ ਬਹਿਲੋਲ ਪੁਰ ਦੀ ਪੰਚਾਇਤਾਂ ਵੱਲੋਂ ਦਿੱਤੀ 10 ਏਕੜ ਤੋਂ ਵਾਧ ਜ਼ਮੀਨ ਵਿਚ ਬਣਾਉਣ ਲਈ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਜਲਦੀ ਹੀ ਰੱਖਿਆ ਜਾਵੇਗਾ । ਉਸ ਇਲਾਕੇ ਵਿਚ ਲੋੜੀਂਦੀਆਂ ਸੜਕਾਂ ਬਣਾਈਆਂ ਜਾਣਗੀਆਂ ਅਤੇ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਦਾ ਸਿਵਲ ਹਸਪਤਾਲ ਸੈਕਟਰ-66 ਵਿਖੇ ਬਣਾਉਣ ਦੀ ਤਜਵੀਜ ਹੈ ਜਿਸ ਲਈ ਗਮਾਡਾ ਤੋਂ ਜ਼ਮੀਨ ਲੈਣ ਲਈ ਕਾਰਵਾਈ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਹਰ ਇਕ ਤੱਕ ਪੁੱਜਦੀਆਂ ਕਰਨ ਲਈ ਪੇਂਡੂ ਇਲਾਕਿਆਂ ਵਿੱਚ ਸਿਹਤ ਸਹੂਲਤ ਦੇਣ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਨਜ਼ਦੀਕੀ ਪਿੰਡ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਜਾਵੇਗਾ ਅਤੇ ਐਰੋਸਿਟੀ ਚ ਵੀ ਇਕ ਡਿਸਪੈਂਸਰੀ ਬਣਾਉਣ ਦੀ ਤਜਵੀਜ ਹੈ ।ਕਰੋਨਾ ਮਹਾਮਾਰੀ ਬਾਰੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਟੈਸਟਿੰਗ ਵਧਾਈ ਗਈ ਹੈ ਤੇ ਸਰਕਾਰ ਦੇ ਉਪਰਾਲਿਆਂ ਸਦਕਾ ਕਰੋਨਾ ਦੇ ਮਾਮਲੇ ਹੁਣ ਘਟਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦਾ ਤੀਜਾ ਫੇਜ਼ ਆਵੇ ਚਾਹੇ ਨਾ ਆਵੇ ਪਰ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ।ਇਸ ਮੌਕੇ ਮੇਅਰ ਨਗਰ ਨਿਗਮ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਸ੍ਰ. ਕੁਲਜੀਤ ਸਿੰਘ ਬੇਦੀ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਅਤੇ ਹੋਰ ਸਿਆਸੀ ਆਗੂ ਅਤੇ ਅਧਿਕਾਰੀ ਮੌਜੂਦ ਸਨ।