ਗੁਹਾਟੀ, 10 ਜੂਨ ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਬਘਜਾਨ ਆਇਲ ਇੰਡੀਆ ਦੇ ਗੈਸ ਦੇ ਖੂਹ ਵਿੱਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ 2 ਦਮਕਲ ਕਾਮਿਆਂ ਦੀ ਮੌਤ ਹੋ ਗਈ| ਅੱਜ ਐਨ. ਡੀ. ਆਰ. ਐਫ. ਦੀ ਟੀਮ ਨੇ 2 ਦਮਕਲ ਫਾਈਟਰਜ਼ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ| ਆਸਾਮ ਦੇ ਮੁੱਖ ਸਕੱਤਰ ਕੁਮਾਰ ਸੰਜੇ ਕ੍ਰਿਸ਼ਨ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ 2 ਦਮਕਲ ਕਰਮਚਾਰੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ| ਉਨ੍ਹਾਂ ਕਿਹਾ,”ਇਕ ਦਮਕਲ ਕਾਮਾ ਹਾਲੇ ਵੀ ਲਾਪਤਾ ਹੈ| ਮੰਗਲਵਾਰ ਤੋਂ ਹੀ ਤਿੰਨ ਕਾਮੇ ਅੱਗ ਲੱਗਣ ਦੇ ਬਾਅਦ ਤੋਂ ਲਾਪਤਾ ਸਨ|
ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਦੀ ਤਲਾਸ਼ੀ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ| ਉੱਥੇ ਹੀ ਆਇਲ ਇੰਡੀਆ ਲਿਮਟਿਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਹਾਲੇ ਹੌਲੀ-ਹੌਲੀ ਆਮ ਹੋ ਰਹੇ ਹਨ| ਅੱਗ ਲੱਗਣ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਤੇ 15 ਦਮਕਲ ਕਾਮੇ ਮੌਕੇ ਤੇ ਪਹੁੰਚੇ ਸਨ| ਇਸ ਆਪਰੇਸ਼ਨ ਵਿੱਚ ਆਇਲ ਇੰਡੀਆ ਲਿਮਟਿਡ, ਓ.ਐਨ.ਜੀ.ਸੀ., ਭਾਰਤੀ ਹਵਾਈ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਮਕਲ ਕਾਮੇ ਅੱਗ ਬੁਝਾਉਣ ਦੇ ਆਪਰੇਸ਼ਨ ਵਿੱਚ ਜੁਟੇ ਸਨ| ਜਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਇਸ ਖੂਹ ਵਿੱਚੋਂ ਗੈਸ ਨਿਕਲ ਰਹੀ ਸੀ| ਤੇਲ ਦੇ ਖੂਹ ਵਿੱਚ ਅੱਗ ਲੱਗ ਗਈ| ਅੱਗ ਬੁਝਾਉਣ ਲਈ ਏਅਰਫੋਰਸ ਤੱਕ ਨੂੰ ਆਉਣਾ ਪਿਆ| ਅੱਗ ਦੀ ਇਸ ਘਟਨਾ ਵਿੱਚ ਆਇਲ ਫੀਲਡ ਦੇ ਨੇੜੇ-ਤੇੜੇ ਘੱਟੋ-ਘੱਟ 30 ਮਕਾਨ ਸੜ ਗਏ|