ਅੰਮ੍ਰਿਤਸਰ, 30 ਜੂਨ 2020 – ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਸ੍ਰੀ ਰਾਮਸਰ ਸਾਹਿਬ ਦੇ ਪਬਲੀਕੇਸ਼ਨ ਵਿਭਾਗ ‘ਚੋਂ ਦੋ ਸੌ ਪੈਂਠ ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਦਾ ਮਾਮਲਾ ਮੀਡੀਆ ‘ਚ ਉਜਾਗਰ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜਿਹੜਾ ਵੀ ਕੋਈ ਦੋਸ਼ੀ ਹੋਇਆ ਭਾਵੇਂ ਕੋਈ ਉੱਚ ਅਧਿਕਾਰੀ ਹੀ ਕਿਉਂ ਨਾ ਹੋਵੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਸਿੱਖ ਜਥੇਬੰਦੀ ਚੀਫ਼ ਖ਼ਾਲਸਾ ਦੀਵਾਨ ਨੂੰ ਵੀ ਹਦਾਇਤ ਕੀਤੀ ਕਿ ਉਹ ਨਵੇਂ ਮੈਂਬਰ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਫਾਰਮ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਉਨ੍ਹਾਂ ਸਿੱਖ ਨੌਜਵਾਨਾਂ ‘ਤੇ ਬਣਾਏ ਜਾ ਰਹੇ ਝੂਠੇ ਕੇਸਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਰਵਾਈ ਕਰਨ ਦੀ ਵੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਹਾਜ਼ਰ ਸਨ।
ਅੱਗੇ ਉਨ੍ਹਾਂ ਲੁਧਿਆਣਾ ਖੁੱਲ੍ਹੇ ਮੋਦੀ ਖਾਨੇ ਦੇ ਬਾਰੇ ਬੋਲਦਿਆਂ ਕਿਹਾ ਕਿ ਅਜਿਹੇ ਮੋਦੀ ਖਾਨੇ ਹਰੇਕ ਸ਼ਹਿਰ, ਕਸਬੇ, ਅਤੇ ਪਿੰਡ ‘ਚ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਵਾਜਬ ਰੇਟਾਂ ‘ਤੇ ਦਾਵਈਆਂ ਮਿਲ ਸਕਣ।